ਜਗਮੋਹਨ ਸਿੰਘ
ਘਨੌਲੀ, 12 ਦਸੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੈਬਿਨਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਅਧੀਨ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪੰਜਾਬ ਦੀਆਂ ਔਰਤਾਂ ਨੂੰ ਮੁਫ਼ਤ ਸਫਰ ਦੀ ਸਹੂਲਤ ਦੇਣ ਦੇ ਬਾਵਜੂਦ ਮੁਨਾਫ਼ੇ ਵਿੱਚ ਚੱਲ ਰਹੀ ਹੈ। ਅੱਜ ਇੱਥੇ ਪਿੰਡ ਬਿੱਕੋਂ ਵਿਖੇ ਪਿੰਡ ਦੇ ਸਰਪੰਚ ਸਰਵਣ ਸਿੰਘ ਦੀ ਅਗਵਾਈ ਅਧੀਨ ਗਰਾਮ ਪੰਚਾਇਤ ਵੱਲੋਂ ਰੱਖੇ ਸਨਮਾਨ ਸਮਾਰੋਹ ਦੌਰਾਨ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੀਆਰਟੀਸੀ ਦੇ ਚੇਅਰਮੈਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਦੱਸਿਆ ਕਿ ਕਾਰਪੋਰੇਸ਼ਨ ਵੱਲੋਂ 255 ਨਵੀਆਂ ਬੱਸਾਂ ਖਰੀਦੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ 30 ਬੱਸਾਂ ਪੂਰੀ ਤਰ੍ਹਾਂ ਤਿਆਰ ਹੋ ਚੁੱਕੀਆਂ ਹਨ ਤੇ ਇਨ੍ਹਾਂ ਨੂੰ 15 ਦਸੰਬਰ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਦੁਆਰਾ ਝੰਡੀ ਦੇ ਕੇ ਵੱਖ ਵੱਖ ਰੂਟਾਂ ਲਈ ਰਵਾਨਾ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਸਰਵਣ ਸਿੰਘ ਤੋਂ ਇਲਾਵਾ ਸਾਬਕਾ ਸਰਪੰਚ ਅਮਰ ਸਿੰਘ, ਸੂਬੇਦਾਰ ਦਿਆਲ ਸਿੰਘ, ਬਹਾਦਰ ਸਿੰਘ, ਜਤਿੰਦਰ ਸਿੰਘ ਤੇ ਗਿਆਨ ਸਿੰਘ ਪਤਵੰਤੇ ਹਾਜ਼ਰ ਸਨ ।