ਨਿੱਜੀ ਪੱਤਰ ਪ੍ਰੇਰਕ
ਨਾਭਾ, 10 ਅਗਸਤ
ਆਮ ਆਦਮੀ ਪਾਰਟੀ ਦੇ ਸਾਬਕਾ ਸ਼ਹਿਰੀ ਪ੍ਰਧਾਨ ਅਤੇ ਆਰਟੀਆਈ ਕਾਰਕੁਨ ਨਰਿੰਦਰ ਸ਼ਰਮਾ ’ਤੇ ਬੀਤੀ ਸ਼ਾਮ ਕਰੀਬ ਦਸ-ਬਾਰਾਂ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਇੱਕ ਸਮਾਜ ਸੇਵਾ ਸੰਸਥਾ ਵਿੱਚ ਬੱਚਿਆਂ ਨੂੰ ਪੜ੍ਹਾ ਕੇ ਜਦੋਂ ਵਕੀਲ ਨਰਿੰਦਰ ਸ਼ਰਮਾ ਆਪਣੇ ਦਫ਼ਤਰ ਮੁੜ ਰਹੇ ਸਨ ਤਾਂ ਪੁਰਾਣੇ ਕਿਲੇ ਕੋਲ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਘੇਰ ਕੇ ਕੁੱਟਿਆ। ਫਿਲਹਾਲ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੀੜਤ ਨਰਿੰਦਰ ਸ਼ਰਮਾ ਨੇ ਇਸ ਕੁੱਟਮਾਰ ਪਿੱਛੇ ਨਾਭਾ ਦੇ ਵਿਧਾਇਕ ਦੇਵ ਮਾਨ ਦੇ ਭਰਾ ਦਾ ਹੱਥ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਨਾਭਾ ਵਿੱਚ ਨਾਲੀਆਂ ਦੀ ਸਫਾਈ ਅਤੇ ਕਚਹਿਰੀ ਦੇ ਸਾਈਕਲ ਸਟੈਂਡ ਦੀ ਬੋਲੀ ਵਿੱਚ ਧਾਂਦਲੀਆਂ ਬਾਰੇ ਆਰਟੀਆਈ ਤਹਿਤ ਜਾਣਕਾਰੀ ਮੰਗ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਲਗਪਗ ਇੱਕ ਮਹੀਨਾ ਪਹਿਲਾਂ ਨਾਭਾ ਪ੍ਰਸ਼ਾਸਨ ਦੀ ਆਲੋਚਨਾ ਕਰਦਿਆਂ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਨ ਮਗਰੋਂ ਉਨ੍ਹਾਂ ਤੋਂ ਪਿਛਲੇ ਐੱਸਐੱਚਓ ਨੇ ਥਾਣੇ ਬੁਲਾ ਕੇ ਪੁੱਛ ਪੜਤਾਲ ਵੀ ਕੀਤੀ ਸੀ।
ਮੇਰੀ ਨਰਿੰਦਰ ਨਾਲ ਕੋਈ ਰੰਜ਼ਿਸ਼ ਨਹੀਂ: ਗੁਲਾਬ ਮਾਨ
ਇਸ ਵੇਲੇ ਵਿਧਾਇਕ ਦੇਵ ਮਾਨ ਕੈਨੇਡਾ ਗਏ ਹੋਏ ਹਨ, ਜਦ ਕਿ ਉਨ੍ਹਾਂ ਦੇ ਭਰਾ ਗੁਲਾਬ ਮਾਨ ਨੇ ਕਿਹਾ ਕਿ ਨਰਿੰਦਰ ਸ਼ਰਮਾ ਨਾਲ ਉਨ੍ਹਾਂ ਦੀ ਕੋਈ ਰੰਜ਼ਿਸ਼ ਨਹੀਂ ਹੈ, ਬਲਕਿ ਉਨ੍ਹਾਂ ’ਤੇ ਹੋਏ ਹਮਲੇ ਕਾਰਨ ਉਹ ਫਿਰਕਮੰਦ ਹਨ। ਨਾਭਾ ਕੋਤਵਾਲੀ ਮੁਖੀ ਹੈਰੀ ਬੋਪਾਰਾਏ ਨੇ ਦੱਸਿਆ ਕਿ ਪੀੜਤ ਦੇ ਬਿਆਨ ਅਤੇ ਸੀਸੀਸਟੀਵੀ ਫੁਟੇਜ਼ ਦੇ ਆਧਾਰ ’ਤੇ ਪੜਤਾਲ ਜਾਰੀ ਹੈ ਤੇ ਦੋਸ਼ੀ ਪਾਏ ਜਾਣ ਉੱਤੇ ਕਿਸੇ ਨਾਲ ਵੀ ਨਰਮੀ ਨਹੀਂ ਵਰਤੀ ਜਾਵੇਗੀ।