ਬੀ.ਐੱਸ. ਚਾਨਾ
ਸ੍ਰੀ ਆਨੰਦਪੁਰ ਸਾਹਿਬ, 9 ਜੁਲਾਈ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਵੱਲੋਂ ਭਾਰਤੀਆਂ ਦੇ ਡੀਐੱਨਏ ਸਬੰਧੀ ਦਿੱਤੇ ਗਏ ਬਿਆਨ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਮੋਹਨ ਭਾਗਵਤ ਦਾ ਡੀਐੱਨਏ ਟੈਸਟ ਕਰਵਾਇਆ ਜਾਵੇ ਤਾਂ ਉਹ ਇਰਾਨੀ ਨਿਕਲਣਗੇ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਪੁਸਤਕ ਰਿਲੀਜ਼ ਕਰਨ ਪਹੁੰਚੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਰਤਾਰਪੁਰ ਲਾਂਘੇ ’ਤੇ ਲਾਈ ਗਈ ਰੋਕ ਬਾਰੇ ਕਿਹਾ ਕਿ ਜਦੋਂ ਸਾਰਾ ਸੰਸਾਰ ਚੱਲ ਰਿਹਾ ਹੈ ਤਾਂ ਸਿੱਖਾਂ ਵਾਸਤੇ ਬਣਿਆ ਇਹ ਲਾਂਘਾ ਕਿਉਂ ਨਹੀਂ ਖੋਲ੍ਹਿਆ ਜਾ ਰਿਹਾ। ਜੇ ਕਰੋਨਾ ਕਾਰਨ ਅਜਿਹੀ ਰੋਕ ਲਾਈ ਗਈ ਹੈ ਤਾਂ ਭਾਵੇਂ ਘੱਟ ਸ਼ਰਧਾਲੂਆਂ ਨੂੰ ਜਾਣ ਦੀ ਆਗਿਆ ਦਿੱਤੀ ਜਾਵੇ ਪਰ ਇਹ ਲਾਂਘਾ ਤੁਰੰਤ ਖੋਲ੍ਹਿਆ ਜਾਣਾ ਚਾਹੀਦਾ ਹੈ।
ਬੇਅਦਬੀ ਮਾਮਲਿਆਂ ’ਤੇ ਰਾਜਨੀਤੀ ਬਾਰੇ ਉਨ੍ਹਾਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਅਹਿਮਦ ਸ਼ਾਹ ਅਬਦਾਲੀ ਨੇ ਵੀ ਕੀਤੀਆਂ ਸਨ ਪਰ ਸਿੱਖ ਕੌਮ ਨੇ ਸਿਦਕ ਨਹੀਂ ਹਾਰਿਆ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਪੂਰੀ ਸ਼ਰਧਾ ਤੇ ਵਿਸ਼ਵਾਸ ਰੱਖਿਆ। ਉਨ੍ਹਾਂ ਕਿਹਾ ਕਿ ਬੇਅਦਬੀਆਂ ਰੋਕਣ ਲਈ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਮੌਕੇ ਉਨ੍ਹਾਂ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਭਾਈ ਅਮਰਜੀਤ ਸਿੰਘ ਚਾਵਲਾ, ਗੁਰਪ੍ਰੀਤ ਸਿੰਘ ਝੱਬਰ, ਮੈਨੇਜਰ ਮਲਕੀਤ ਸਿੰਘ ਤੇ ਵਧੀਕ ਮੈਨੇਜਰ ਹਰਦੇਵ ਸਿੰਘ ਵੀ ਹਾਜ਼ਰ ਸਨ।