ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 3 ਨਵੰਬਰ
ਇਥੇ ਪੱਤੀ ਤੂਤੜਾ ’ਚ ਅੱਜ ਤੜਕੇ ਲੁਟੇਰਿਆਂ ਨੇ ਇਕ ਘਰ ਵਿੱਚ ਦਾਖ਼ਲ ਹੋ ਕੇ ਇਕ ਔਰਤ ਦੀ ਹੱਤਿਆ ਕਰ ਦਿੱਤੀ, ਜਿਸ ਦੀ ਪਛਾਣ ਅਮਰਜੀਤ ਕੌਰ (80 ਸਾਲਾ) ਪਤਨੀ ਲਛਮਣ ਸਿੰਘ ਝੱਮਟ ਵਜੋਂ ਹੋਈ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ 22 ਤੋਲੇ ਸੋਨਾ ਲੁੱਟ ਕੇ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਇਹ ਮਕਾਨ ਮਾਸਟਰ ਲਛਮਣ ਸਿੰਘ ਝੱਮਟ ਦਾ ਹੈ ਅਤੇ ਉਹ 23 ਸਾਲਾਂ ਤੋਂ ਕੈਨੇਡਾ ’ਚ ਰਹਿ ਰਹੇ ਹਨ ਅਤੇ ਹਰ ਸਾਲ ਸ਼ਹਿਣਾ ਆਉਂਦੇ ਹਨ। ਉਹ ਹਾਲੇ ਇੱਕ ਮਹੀਨਾ ਪਹਿਲਾਂ ਹੀ ਇਥੇ ਆਏ ਸਨ। ਲੁਟੇਰਿਆਂ ਨੇ ਲਛਮਣ ਸਿੰਘ ਨੂੰ ਜ਼ਖ਼ਮੀ ਕਰ ਕੇ ਗੁਸਲਖਾਨੇ ’ਚ ਬੰਦ ਕਰ ਦਿੱਤਾ ਗਿਆ ਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਘਟਨਾ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਐੱਸਪੀ (ਐੱਚ) ਜਸਦੇਵ ਸਿੰਘ, ਡੀਐੱਸਪੀ ਰਾਵਿੰਦਰ ਸਿੰਘ ਰੰਧਾਵਾ, ਥਾਣਾ ਸ਼ਹਿਣਾ ਦੇ ਐਸਐਚਓ ਜਗਦੇਵ ਸਿੰਘ ਵੱਡੀ ਪੁਲੀਸ ਫੋਰਸ ਸਮੇਤ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਨੇ ਡਾਗ ਸਕੁਐਡ ਅਤੇ ਫਿੰਗਰ ਪ੍ਰਿੰਟ ਮਾਹਿਰ ਵੀ ਬੁਲਾਏ ਹਨ, ਜਿਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਰ ਦੇ ਮਾਲਕ ਲਛਮਣ ਸਿੰਘ ਝੱਮਟ ਨੇ ਦੱਸਿਆ ਕਿ ਲੁਟੇਰੇ ਘਰ ਦੇ ਪਿਛਲੇ ਪਾਸੇ ਤੋਂ ਘਰ ’ਚ ਦਾਖਲ ਹੋਏ ਸਨ। ਲੁਟੇਰਿਆਂ ਦੀ ਗਿਣਤੀ ਛੇ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਘਰ ਵਿੱਚ ਸਿਰਫ ਪਤੀ-ਪਤਨੀ ਹੀ ਰਹਿ ਰਹੇ ਸਨ ਅਤੇ ਬਾਕੀ ਪਰਿਵਾਰ ਕੈਨੇਡਾ ’ਚ ਹੈ। ਇਸ ਘਟਨਾ ਕਾਰਨ ਲੋਕਾਂ ’ਚ ਦਹਿਸ਼ਤ ਪਾਈ ਜਾ ਰਹੀ ਹੈ।