ਜੈਸਮੀਨ ਭਾਰਦਵਾਜ
ਨਾਭਾ, 17 ਨਵੰਬਰ
ਨਾਭਾ ਦੇ ਚੱਠੇ ਪਿੰਡ ਦੇ ਵਸਨੀਕ ਬਲਵੰਤ ਸਿੰਘ ਦੇ ਘਰ ਅੱਜ ਚਾਰ ਅਣਪਛਾਤਿਆਂ ਨੇ ਪਿਸਤੌਲ ਦਿਖਾ ਕੇ 2 ਲੱਖ ਰੁਪਏ ਅਤੇ 25 ਤੋਲੇ ਸੋਨਾ ਲੁੱਟ ਲਿਆ ਤੇ ਫ਼ਰਾਰ ਹੋ ਗਏ। ਇਹ ਵਾਰਦਾਤ ਅੱਜ ਸਵੇਰੇ 6 ਵਜੇ ਦੀ ਹੈ। ਖੇਤਾਂ ਵਿਚ ਇਕੱਲਾ ਘਰ ਹੋਣ ਕਾਰਨ ਪਿੰਡ ਵਾਸੀਆਂ ਨੂੰ ਘਟਨਾ ਬਾਰੇ ਬਹੁਤਾ ਪਤਾ ਹੀ ਨਾ ਲੱਗਿਆ ਅਤੇ ਮੁਲਜ਼ਮ ਆਪਣਾ ਕੰਮ ਕਰਕੇ ਆਸਾਨੀ ਨਾਲ ਫ਼ਰਾਰ ਹੋ ਗਏ। ਲੁਟੇਰਿਆਂ ਨੇ ਘਰ ਵਿਚ ਦਾਖਲ ਹੁੰਦੇ ਹੀ ਨੌਕਰ ਨੂੰ ਬੰਨ੍ਹ ਦਿੱਤਾ ਅਤੇ ਬਲਵੰਤ ਸਿੰਘ ਦੀ ਪਤਨੀ ਉੱਪਰ ਪਿਸਤੌਲ ਤਾਣ ਦਿੱਤੀ। ਰੌਲਾ ਪਾਉਣ ’ਤੇ ਗੋਲੀ ਚਲਾਉਣ ਦੀ ਧਮਕੀ ਦਿੰਦੇ ਹੋਏ ਉਨ੍ਹਾਂ ਅਲਮਾਰੀਆਂ ਦਾ ਸਾਮਾਨ ਕੱਢ ਕੇ ਬਾਹਰ ਸੁੱਟ ਦਿੱਤਾ। ਬਲਵੰਤ ਸਿੰਘ ਦੀ ਆਪਣੀ ਲੱਤ ਦੀ ਹੱਡੀ ਟੁੱਟਣ ਕਾਰਨ ਉਹ ਬਿਸਤਰੇ ’ਤੇ ਹੈ।
ਇਹ ਬਜ਼ੁਰਗ ਜੋੜਾ ਆਪਣੇ ਨੌਕਰ ਨਾਲ ਰਹਿੰਦਾ ਹੈ ਅਤੇ ਬੱਚੇ ਵਿਦੇਸ਼ ਵਿਚ ਹਨ। ਬਲਵੰਤ ਸਿੰਘ ਨੇ ਦੱਸਿਆ ਕਿ ਉਸ ਦੀ ਵਿਆਹੀ ਹੋਈ ਬੇਟੀ ਕੁਝ ਸਮਾਂ ਪਹਿਲਾ ਵਿਦੇਸ਼ ਜਾਂਦੇ ਹੋਏ ਆਪਣਾ ਸੋਨਾ ਵੀ ਉਸ ਨੂੰ ਸੰਭਾਲ ਗਈ ਸੀ। ਨੌਕਰ ਪਾਖਰ ਸਿੰਘ ਨੇ ਦੱਸਿਆ ਕਿ ਉਹ ਡੰਗਰਾਂ ਦੇ ਵਾੜੇ ਵਿਚ ਸੀ, ਜਦੋਂ ਚਾਰ ਅਣਪਛਾਤਿਆਂ ਨੇ ਉਸ ਉੱਪਰ ਹਮਲਾ ਕਰ ਦਿੱਤਾ ਅਤੇ ਉਸ ਨੂੰ ਬੰਦੀ ਬਣਾ ਲਿਆ ਤੇ ਘਰ ਅੰਦਰ ਚਲੇ ਗਏ। ਦਹਿਸ਼ਤ ਵਿਚ ਆਏ ਪੀੜਤ ਪਰਿਵਾਰ ਨੇ ਦੱਸਿਆ ਕਿ ਵਿਰੋਧ ਨਾ ਕਰਨ ਕਰਕੇ ਸੱਟ-ਫ਼ੇਟ ਤੋਂ ਬਚਾਅ ਰਹਿ ਗਿਆ।
ਨਾਭਾ ਡੀਐੱਸਪੀ ਰਾਜੇਸ਼ ਛਿੱਬਰ ਅਨੁਸਾਰ ਕੇਸ ਦਰਜ ਕਰ ਲਿਆ ਗਿਆ ਹੈ।