ਟਾਂਡਾ (ਪੱਤਰ ਪ੍ਰੇਰਕ): ਸਥਾਨਕ ਅੱਡਾ ਸਰ੍ਹਾਂ ਨੇੜੇ ਅੱਜ ਸਵੇਰੇ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਵਿਅਕਤੀਆਂ ਨੇ ਇੱਕ ਦੁਕਾਨਦਾਰ ਦੀ ਕੁੱਟਮਾਰ ਕਰਕੇ ਉਸ ਤੋਂ ਲਗਪਗ 4.30 ਲੱਖ ਰੁਪਏ ਖੋਹ ਲਏ। ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਸਵੇਰੇ ਕਰੀਬ ਸਵਾ ਅੱਠ ਵਜੇ ਵਾਪਰੀ, ਜਦੋਂ ਜਗਜੀਤ ਸਿੰਘ ਵਾਸੀ ਪਿੰਡ ਕੰਧਾਲਾ ਜੱਟਾਂ ਅੱਡਾ ਸਰ੍ਹਾਂ ਸਥਿਤ ਆਪਣੀ ਦੁਕਾਨ ਸ਼ਿਵਾ ਮੋਬਾਈਲ ਜ਼ੋਨ ਵੱਲ ਜਾ ਰਿਹਾ ਸੀ। ਇਸ ਵੇਲੇ ਟਾਂਡਾ-ਹੁਸ਼ਿਆਰਪੁਰ ਮਾਰਗ ’ਤੇ ਮੌਜੂਦ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਉਸ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਕੋਲੋਂ ਨਕਦੀ ਵਾਲਾ ਬੈਗ ਖੋਹ ਕੇ ਪਿੰਡ ਢੱਟਾਂ ਵੱਲ ਫਰਾਰ ਹੋ ਗਏ। ਦੁਕਾਨਦਾਰ ਨੇ ਦੱਸਿਆ ਕਿ ਇਸ ਬੈਗ ਵਿੱਚ 4.30 ਲੱਖ ਨਕਦੀ ਤੇ ਕੁਝ ਜ਼ਰੂਰੀ ਦਸਤਾਵੇਜ਼ ਸਨ। ਇਸ ਸਬੰਧੀ ਟਾਂਡਾ ਪੁਲੀਸ ਨੇ ਜਗਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ।