ਸਰਬਜੀਤ ਭੰਗੂ/ਗੁਰਨਾਮ ਅਕੀਦਾ
ਪਟਿਆਲਾ, 24 ਅਗਸਤ
ਸਾਲ 2004 ਤੋਂ ਬਾਅਦ ਨੌਕਰੀ ਵਿੱਚ ਆਏ ਲਗਪਗ ਦੋ ਲੱਖ ਮੁਲਾਜ਼ਮਾਂ ਲਈ ਨਵੀਂ ਪੈਨਸ਼ਨ ਸਕੀਮ ਅਧੀਨ ਸਿਰਫ਼ ਦੋ ਕੁ ਹਜ਼ਾਰ ਪੈਨਸ਼ਨ ਦੀ ਹੀ ਸਹੂਲਤ ਹੈ ਜਿਸ ਕਾਰਨ ਸਬੰਧਤ ਮੁਲਾਜ਼ਮਾਂ ਵੱਲੋਂ ‘ਪੁਰਾਣੀ ਪੈਨਸ਼ਨ ਸਕੀਮ’ ਦੀ ਬਹਾਲੀ ਲਈ ਇੱਥੇ ਪੁੱਡਾ ਗਰਾਊਂਡ ਵਿੱਚ ਸੂਬਾ ਪੱਧਰੀ ਰੈਲੀ ਕੀਤੀ ਗਈ ਜਿਸ ਦੌਰਾਨ ਸੂਬੇ ਭਰ ਵਿੱਚੋਂ ਹਜ਼ਾਰਾਂ ਮੁਲਾਜ਼ਮ ਪੁੱਜੇ।
ਰੈਲੀ ਦੀ ਅਗਵਾਈ ਕਰਦਿਆਂ ਸੀਪੀਐੱਫ਼ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਨੇ ਸਿਰਫ਼ ਮੁੱਖ ਮੰਤਰੀ ਨਾਲ ਹੀ ਮੀਟਿੰਗ ਕਰਨ ਦੀ ਗੱਲ ਕਰਦਿਆਂ ਮੰਚ ਤੋਂ ਐਲਾਨ ਕੀਤਾ ਕਿ ਜੇਕਰ ਸਵਾ ਦੋ ਵਜੇ ਤੱਕ ਪ੍ਰਸ਼ਾਸਨ ਨੇ ਮੁੱਖ ਮੰਤਰੀ ਨਾਲ ਮੀਟਿੰਗ ਮੁਕੱਰਰ ਨਾ ਕਰਵਾਈ ਤਾਂ ਮੁਲਾਜ਼ਮਾਂ ਦਾ ਕਾਫ਼ਲਾ ਮੋਤੀ ਮਹਿਲ ਵੱਲ ਕੂਚ ਕਰੇਗਾ ਤੇ ਉੱਥੇ ਸਾਰੀਆਂ ਰੋਕਾਂ ਤੋੜ ਕੇ ਮਹਿਲ ਅੰਦਰ ਦਾਖ਼ਲ ਹੋਵੇਗਾ।
ਇਸ ਉਪਰੰਤ ਸਵਾ ਦੋ ਵਜੇ ਤੋਂ ਪਹਿਲਾਂ ਹੀ ਐੱਸਡੀਐੱਮ ਨੇ ਸਟੇਜ ’ਤੇ ਪੁੱਜ ਕੇ ਲਿਖਤੀ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ 2 ਸਤੰਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਮੁਕੱਰਰ ਹੋਈ ਹੈ ਜਿਸ ਮਗਰੋਂ ਮਾਰਚ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਪ੍ਰਧਾਨ ਸੁਖਜੀਤ ਸਿੰਘ ਤੇ ਹੋਰ ਆਗੂਆਂ ਦਾ ਕਹਿਣਾ ਸੀ ਕਿ 1.87 ਲੱਖ ਮੁਲਾਜ਼ਮ ਸਰਕਾਰ ਦੀ ਇਸ ਨੀਤੀ ਦਾ ਸ਼ਿਕਾਰ ਹਨ ਤੇ ਹਰੇਕ ਵਿਭਾਗ ’ਚ ਅਜਿਹੇ 80 ਫ਼ੀਸਦੀ ਮੁਲਾਜ਼ਮ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਬਣਦਿਆਂ ਹੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦੇਣਗੇ ਪਰ ਹੁਣ ਕੁਝ ਮਹੀਨੇ ਹੀ ਬਚੇ ਹਨ ਤੇ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਵਿਰਕ, ਮੋਹਣ ਸਿੰਘ ਭੇਡਪੁਰਾ, ਵਿਕਰਮਦੇਵ ਸਿੰਘ, ਅਮਰੀਕ ਸਿੰਘ ਤੇ ਬਾਜ ਸਿੰਘ ਖਹਿਰਾ ਨੇ ਵੀ ਸੰਬੋਧਨ ਕੀਤਾ ਜਦਕਿ ਇਸ ਮੌਕੇ ਮਨਜੀਤ ਚਾਹਲ, ਹਰਬੀਰ ਢੀਂਡਸਾ, ਜਗਵਿੰਦਰ ਸਿੰਘ ਤੇ ਗੁਰਮੀਤ ਵਾਲੀਆ ਨੇ ਸ਼ਿਰਕਤ ਕੀਤੀ।
ਰਾਜਸੀ ਆਗੂਆਂ ਦੀ ਸ਼ਮੂਲੀਅਤ ਕਾਰਨ ਉਗਰਾਹਾਂ ਵੱਲੋਂ ਬਾਈਕਾਟ
ਮੁਲਾਜ਼ਮਾਂ ਦੀ ਰੈਲੀ ’ਚ ਹਰਪਾਲ ਚੀਮਾ ਤੇ ਕਈ ਹੋਰ ‘ਆਪ’ ਆਗੂਆਂ ਸਮੇਤ ਖੱਬੇ ਪੱਖੀ ਆਗੂ ਹਰਦੇਵ ਅਰਸ਼ੀ ਨੇ ਵੀ ਸ਼ਿਰਕਤ ਕੀਤੀ, ਪਰ ਰਾਜਸੀ ਆਗੂਆਂ ਦੀ ਸ਼ਮੂਲੀਅਤ ਦਾ ਰੈਲੀ ’ਚ ਹੀ ਮੌਜੂਦ ਕੁਝ ਮੁਲਾਜ਼ਮਾਂ ਨੇ ਵਿਰੋਧ ਵੀ ਕੀਤਾ। ਇਸ ਦੌਰਾਨ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਤਾਂ ਰੋਸ ਵਜੋਂ ਬਾਈਕਾਟ ਹੀ ਕਰ ਗਏ। ਕੁਝ ਸਕਿੰਟਾਂ ਲਈ ਮਾਈਕ ’ਤੇ ਆਏ ਸ੍ਰੀ ਉਗਰਾਹਾਂ ਦਾ ਕਹਿਣਾ ਸੀ ਕਿ ਮੁਲਾਜ਼ਮਾਂ ਦੇ ਸੱਦੇ ’ਤੇ ਉਹ ਦਿੱਲੀ ਤੋਂ ਵਿਸ਼ੇਸ਼ ਤੌਰ ’ਤੇ ਆਏ ਹਨ, ਜੇ ਰਾਜਸੀ ਲੋਕਾਂ ਦੇ ਆਉਣ ਦਾ ਪਤਾ ਹੁੰਦਾ ਤਾਂ ਉਹ ਅਜਿਹੀ ਭੁੱਲ ਨਾ ਕਰਦੇ। ਉਨ੍ਹਾਂ ਕਿਹਾ ਕਿ ਕੋਈ ਵੀ ਰਾਜਸੀ ਪਾਰਟੀ ਕਿਸਾਨਾਂ ਤੇ ਮੁਲਾਜ਼ਮਾਂ ਦੇ ਮਸਲਿਆਂ ਪ੍ਰਤੀ ਸੰਜੀਦਾ ਨਹੀਂ ਹੈ। ਇਸ ਮਗਰੋਂ ਭਾਵੇਂ ‘ਆਪ’ ਦੇ ਦਿੱਲੀ ਤੋਂ ਵਿਧਾਇਕ ਅਜੇ ਦੱਤ ਨੇ ‘ਆਪ’ ਵਲੋਂ ਮੁਲਾਜ਼ਮਾਂ ਦੇ ਇਸ ਸੰਘਰਸ਼ ਦੀ ਪੁਰਜ਼ੋਰ ਹਮਾਇਤ ਦਾ ਐਲਾਨ ਕੀਤਾ ਪਰ ਕਰੀਬ ਪੌਣਾ ਘੰਟਾ ਹਾਜ਼ਰ ਰਹਿਣ ਮਗਰੋਂ ਹਰਪਾਲ ਚੀਮਾ ਇਹ ਕਹਿ ਕੇ ਬਿਨਾਂ ਭਾਸ਼ਣ ਦਿੱਤਿਆਂ ਹੀ ਚਲੇ ਗਏ ਕਿ ਉਨ੍ਹਾਂ ਨੇ ਚੰਡੀਗੜ੍ਹ ਵਿਚ ਵੀ ਇਕ ਧਰਨੇ ’ਚ ਸ਼ਾਮਲ ਹੋਣਾ ਹੈ। ਉਨ੍ਹਾਂ ਨਾਲ਼ ਹੀ ਅਮਰੀਕ ਬੰਗੜ, ਹਰਚੰਦ ਬਰਸਟ ਤੇ ਬਲਜਿੰਦਰ ਢਿੱਲੋਂ ਆਦਿ ‘ਆਪ’ ਆਗੂ ਵੀ ਧਰਨੇ ਵਿਚੋਂ ਚਲੇ ਗਏ। ਉਂਜ ਕਿਸਾਨ ਨੇਤਾ ਡਾ. ਦਰਸ਼ਨਪਾਲ ਅਤੇ ਰੁਲਦੂ ਸਿੰਘ ਮਾਨਸਾ ਨੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ’ਤੇ ਜ਼ੋਰ ਦਿੱਤਾ। ਦੂਜੇ ਪਾਸੇ ਪ੍ਰਧਾਨ ਸੁਖਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਕਿਸੇ ਵੀ ਰਾਜਸੀ ਆਗੂ ਨੂੰ ਨਹੀਂ ਬੁਲਾਇਆ। ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਚੀਮਾ ਦਾ ਕਹਿਣਾ ਸੀ ਕਿ ‘ਆਪ’ ਦੀ ਕੇਜਰੀਵਾਲ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਵਿਧਾਨ ਸਭਾ ’ਚ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਨੂੰ ਵੀ ਭੇਜਦਿਆਂ ਸਮੁੱਚੇ ਦੇਸ਼ ’ਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕੀਤੀ ਹੋਈ ਹੈ। ਮੁਲਾਜ਼ਮਾਂ ਦੇ ਇਸ ਸੰਘਰਸ਼ ’ਚ ‘ਆਪ’ ਮੁਲਾਜ਼ਮਾਂ ਨਾਲ਼ ਹੈ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਮਾਮਲਾ ‘ਆਪ’ ਆਪਣੇ ਚੋਣ ਮੈਨੀਫੈਸਟੋ ’ਚ ਵੀ ਸ਼ਾਮਲ ਕਰੇਗੀ।