ਅਜੇ ਮਲਹੋਤਰਾ
ਫ਼ਤਹਿਗੜ੍ਹ ਸਾਹਿਬ, 8 ਜੂਨ
ਜਲ ਸਪਲਾਈ ਤੇ ਸੈਨੀਟੇਸ਼ਨ (ਮ.) ਐਂਪਲਾਈਜ਼ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵੱਲੋਂ ਕਾਰਜਕਾਰੀ ਇੰਜਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ ਦੇ ਦਫ਼ਤਰ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਸੂਬਾ ਜਨਰਲ ਸਕੱਤਰ ਮੁਕੇਸ਼ ਕੰਡਾ, ਸੂਬਾ ਜੁਆਇੰਟ ਸਕੱਤਰ ਰਾਜਪਾਲ ਲਸੋਈ, ਬਲਬੀਰ ਸਿੰਘ ਸਿੱਧਵਾਂ, ਹਿੰਮਤ ਸਿੰਘ, ਚੰਦ ਸਿੰਘ ਰਸੂਲੜਾ, ਪਵਨ ਮੌਂਗਾ, ਗੁਰਚਰਨ ਭੱਟੀ, ਧਰਮਪਾਲ ਲੌਟ, ਵਿਜੈ ਸ਼ਰਮਾ, ਸੁਖਬੀਰ ਸਿੰਘ ਪਟਿਆਲਾ, ਦਰਸ਼ਨ ਸਿੰਘ ਬਹਾਦੁਰਗੜ੍ਹ, ਅਜੀਤ ਸਿੰਘ, ਬਹਾਦਰ ਸਿੰਘ ਮੁਹਾਲੀ ਉਚੇਚੇ ਤੌਰ ’ਤੇ ਸ਼ਾਮਲ ਹੋਏ। ਜ਼ਿਲ੍ਹਾ ਪ੍ਰਧਾਨ ਫਤਹਿਗੜ੍ਹ ਸਾਹਿਬ ਦਰਸ਼ਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮਿਤੀ 01/12/2011 ਤੋਂ ਦਰਜਾ ਚਾਰ ਕਰਮਚਾਰੀਆਂ ਨੂੰ ਇੱਕ ਸਪੈਸ਼ਲ ਇੰਕਰੀਮੈਂਟ ਦਿੱਤੀ ਗਈ ਸੀ ਪਰ ਉਕਤ ਮੰਡਲ ਅਫ਼ਸਰ ਵੱਲੋਂ ਮਿਤੀ 24 ਮਈ 2011 ਨੂੰ ਰੈਗੂਲਰ ਹੋਏ ਦਰਜਾ ਚਾਰ ਫੀਲਡ ਕਰਮਚਾਰੀਆਂ ’ਤੇ ਇਹ ਲਾਗੂ ਨਹੀਂ ਕੀਤਾ ਜਾ ਰਿਹਾ। ਇਸ ਸਬੰਧੀ ਪਿਛਲੇ ਦਿਨੀਂ ਉਕਤ ਅਫ਼ਸਰ ਵਲੋਂ ਜਥੇਬੰਦੀ ਨਾਲ ਮੀਟਿੰਗ ਦਿੱਤੀ ਗਈ ਸੀ, ਜਿਸ ਵਿੱਚ ਇਹ ਕਾਰਜਕਾਰੀ ਇੰਜਨੀਅਰ ਅਤੇ ਮੰਡਲ ਅਕਾਊਂਟੈਂਟ ਇੰਕਰੀਮੈਂਟ ਨਾ ਲਾਗੂ ਕਰਨ ਬਾਰੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ ਨੇ ਸ੍ਰੀ ਫਤਹਿਗੜ੍ਹ ਸਾਹਿਬ ਦੇ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਕਿ ਇਸ ਗੈਰ ਜ਼ਿੰਮੇਵਾਰ ਐਕਸੀਅਨ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਖੀਰ ਵਿੱਚ ਜਥੇਬੰਦੀ ਦੇ ਸੂਬਾਈ ਆਗੂਆਂ ਨੇ ਕਾਰਜਕਾਰੀ ਇੰਜਨੀਅਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਪੈਸ਼ਲ ਇੰਕਰੀਮੈਂਟ ਲਾਗੂ ਨਾ ਕੀਤੀ ਗਈ ਤੇ ਬਾਕੀ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਦੇ ਖ਼ਿਲਾਫ਼ ਟਰੇਡ ਯੂਨੀਅਨ ਐਕਟ ਅਧੀਨ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।