ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਅਕਤੂਬਰ
ਕਰੋਨਾ ਮਹਾਮਾਰੀ ਦੌਰਾਨ ਕਰੋਨਾ ਵਾਰਡਾਂ, ਆਈਸੋਲੇਸ਼ਨ ਕੇਂਦਰਾਂ ਅਤੇ ਕਰੋਨਾ ਮਰੀਜ਼ਾਂ ਨਾਲ ਸਬੰਧਿਤ ਹੋਰਨਾਂ ਥਾਵਾਂ ’ਤੇ ਛੇ ਮਹੀਨੇ ਸੇਵਾਵਾਂ ਨਿਭਾਉਂਦੇ ਰਹੇ ਨੌਜਵਾਨਾਂ ਨੇ ਖਾਲੀ ਅਸਾਮੀਆਂ ’ਤੇ ਭਰਤੀ ਦੀ ਮੰਗ ਨੂੰ ਲੈ ਕੇ ਅੱਜ ਇਥੇ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਪੁੱਡਾ ਗਰਾਊਂਡ ਵਿਚ ਇਕੱਠੇ ਹੋਏ ਨੌਜਵਾਨਾਂ ਨੇ ਸ਼ਹਿਰ ਵਿਚ ਰੋਸ ਮਾਰਚ ਵੀ ਕੀਤਾ ਪਰ ਮੁੱਖ ਮੰਤਰੀ ਨਿਵਾਸ ਵੱਲ ਵਧ ਰਹੇ ਇਨ੍ਹਾਂ ਦੇ ਕਾਫਲੇ ਨੂੰ ਪੁਲੀਸ ਨੇ ਪੋਲੋ ਗਰਾਊਂਡ ਕੋਲ ਰੋਕ ਲਿਆ। ਇਨ੍ਹਾਂ ਵਿਚੋਂ ਕਈ ਨੌਜਵਾਨਾਂ ਨੇ ਮੋਤੀ ਮਹਿਲ ਵੱਲ ਵਧਣ ਦੀ ਕੋਸ਼ਿਸ਼ ਕਰਦੇ ਹੋਏ ਬੈਰੀਕੇਡਾਂ ਉਪਰੋਂ ਦੀ ਲੰਘਣ ਦੇ ਯਤਨ ਵੀ ਕੀਤੇ ਜਿਸ ਦੌਰਾਨ ਇਨ੍ਹਾਂ ਨੌਜਵਾਨਾਂ ਤੇ ਪੁਲੀਸ ਫੋਰਸ ਦਰਮਿਆਨ ਮਾਮੂਲੀ ਸ਼ਬਦੀ ਤਲਖੀ ਵੀ ਹੋਈ ਪਰ ਬਾਅਦ ਵਿਚ ਇਹ ਨੌਜਵਾਨ ਇਥੇ ਸੜਕ ’ਤੇ ਹੀ ਧਰਨਾ ਮਾਰ ਕੇ ਬੈਠ ਗਏ।
ਉਧਰ ਇਸ ਦੌਰਾਨ ਹੀ ਇਥੋਂ ਦੇ ਅਧਿਕਾਰੀਆਂ ਨੇ ਇਨ੍ਹਾਂ ਦੇ ਵਫ਼ਦ ਦੀ 21 ਅਕਤੂਬਰ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਮੀਟਿੰਗ ਮੁਕੱਰਰ ਕਰਵਾ ਦਿਤੀ ਜਿਸ ਮਗਰੋਂ ਇਨ੍ਹਾਂ ਨੌਜਵਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ। ਰਾਜਵਿੰਦਰ ਸਿੰਘ, ਰਵਿੰਦਰ ਕੌਰ, ਬਲਜੀਤ ਕੌਰ, ਅਤੇ ਬਲਦੇਵ ਸਿੰਘ ਤੇ ਹੋਰਨਾਂ ਦਾ ਕਹਿਣਾ ਸੀ ਕਿ ਘਰ ਘਰ ਰੁਜ਼ਗਾਰ ਦੇ ਵਾਅਦੇ ਤਹਿਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਘੱਟੋ ਘੱਟ ਖਾਲੀ ਅਸਾਮੀਆਂ ’ਤੇ ਹੀ ਉਨ੍ਹਾਂ ਦੀ ਭਰਤੀ ਕਰ ਲਵੇ ਤਾਂ ਜੋ ਉਹ ਵਿਹਲੇ ਫਿਰਨ ਦੀ ਬਜਾਏ ਕਿਸੇ ਕੰਮ ਧੰਦੇ ’ਤੇ ਲੱਗ ਸਕਣ।