ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਦਸੰਬਰ
ਜ਼ਿਆਦਾ ਸ਼ਹਿਰੀ ਵਸੋਂ ਵਾਲੇ ਵਿਧਾਨ ਸਭਾ ਹਲਕਾ ਮੋਗਾ ਵਿੱਚ ਭਾਵੇਂ ਸੜਕਾਂ ਦੀ ਹਾਲਤ ਸੁਧਰੀ ਹੈ ਪਰ ਲੋਕ ਆਵਾਜਾਈ ਦੀ ਵੱਡੀ ਸਮੱਸਿਆ ਨਾਲ ਜੂਝ ਰਹੇ ਹਨ। ਇੱਥੇ ਕੋਈ ਨਵੀਂ ਸਨਅਤ ਸਥਾਪਤ ਨਾ ਹੋਣ ਕਾਰਨ ਲੋਕਾਂ ਵਿੱਚ ਰੋਸ ਹੈ।
ਲੋਕਾਂ ਵਿੱਚ ਇਹ ਵੀ ਚਰਚਾ ਹੈ ਕਿ ਕਾਂਗਰਸ ਸਰਕਾਰ ਆਪਣੇ ਕਾਰਜਕਾਲ ਵਿੱਚ ਰੇਤ ਦੀ ਕਾਲਾਬਾਜ਼ਾਰੀ, ਨਸ਼ਾ, ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ’ਚ ਕੋਈ ਦਮ ਨਾ ਦਿਖਾ ਕੇ ਆਪਸੀ ਕਾਟੋ-ਕਲੇਸ਼ ਵਿੱਚ ਹੀ ਉਲਝੀ ਰਹੀ। ਨੌਜਵਾਨਾਂ ਲਈ ਸਵੈ-ਰੁਜ਼ਗਾਰ ਦੇ ਵਸੀਲਿਆਂ, ਸ਼ੁੱਧ ਪਾਣੀ ਅਤੇ ਸੀਵਰੇਜ ਸਮੇਤ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਹਲਕਾ ਵਾਸੀ ਦੁਖੀ ਹਨ। ਇਸ ਹਲਕੇ ਵਿੱਚੋਂ ਲੰਘਦੇ ਲੁਧਿਆਣਾ-ਮੋਗਾ-ਫਿਰੋਜ਼ਪੁਰ ਕੌਮੀ ਸ਼ਾਹ ਮਾਰਗ ਚਾਰ ਦਾ ਬਣਨ ਵਾਲਾ ਕਈ ਕਿਲੋਮੀਟਰ ਦਾ ਵੱਡਾ ਹਿੱਸਾ ਕਰੀਬ 7 ਸਾਲ ਤੋਂ ਠੱਪ ਪਿਆ ਹੈ, ਜੋ ਮਨੁੱਖੀ ਜਾਨਾਂ ਦਾ ਖੌਅ ਬਣਿਆ ਹੋਇਆ ਹੈ।
ਇਸ ਹਲਕੇ ਦੀ ਸਭ ਤੋਂ ਵੱਧ ਸਮਾਂ ਕਾਂਗਰਸੀ ਵਿਧਾਇਕਾਂ ਨੇ ਨੁਮਾਇੰਦਗੀ ਕੀਤੀ। ਸਾਲ 1997 ਵਿੱਚ ਇੱਥੋਂ ਅਕਾਲੀ ਦਲ ਦੇ ਜਥੇਦਾਰ ਤੋਤਾ ਸਿੰਘ ਨੇ ਵਿਧਾਨ ਸਭਾ ਚੋਣ ਜਿੱਤੀ ਅਤੇ ਸੂਬੇ ਦੇ ਸਿੱਖਿਆ ਮੰਤਰੀ ਬਣੇ। ਉਨ੍ਹਾਂ ਵੱਲੋਂ ਇਥੇ ਜ਼ਿਲ੍ਹਾ ਸਕੱਤਰੇਤ ਇਮਾਰਤ ਦੀ ਉਸਾਰੀ, ਬਹੁ-ਮੰਤਵੀ ਇਨਡੋਰ ਖੇਡ ਸਟੇਡੀਅਮ, ਖੇਤਰੀ ਸਕੂਲ ਸਿੱਖਿਆ ਬੋਰਡ ਦਫ਼ਤਰ ਸਮੇਤ ਕਰਵਾਏ ਗਏ ਹੋਰ ਮਿਸਾਲੀ ਵਿਕਾਸ ਕੰਮ ਅੱਜ ਵੀ ਲੋਕਾਂ ਦੀ ਜ਼ੁਬਾਨ ’ਤੇ ਹਨ।
ਮੌਜੂਦਾ ਵਿਧਾਇਕ ਡਾ. ਹਰਜੋਤ ਕਮਲ ਨੇ ਇਥੇ 50 ਬੈੱਡਾਂ ਦਾ ਆਯੂਸ਼ ਹਸਪਤਾਲ ਲਿਆਉਣ ਦੀ ਵੱਡੀ ਪ੍ਰਾਪਤੀ ਆਖਦਿਆਂ ਕਿਹਾ ਕਿ ਉਨ੍ਹਾਂ ਕਰੋੜਾਂ ਰੁਪਏ ਦੀਆਂ ਗਰਾਂਟਾਂ ਨਾਲ ਪਿੰਡਾਂ ਵਿੱਚ ਗਲੀਆਂ-ਨਾਲੀਆਂ, ਲਿੰਕ ਤੇ ਸ਼ਹਿਰੀ ਸੜਕਾਂ, ਪੁਲਾਂ, ਸ਼ਹਿਰ ਵਿੱਚ ਸੀਵਰੇਜ, ਵਾਟਰ ਸਪਲਾਈ ਦੇ ਕੰਮ ਕਰਵਾਏ ਹਨ, ਜੋ ਅਕਾਲੀ ਸਰਕਾਰ ਆਪਣੇ 10 ਸਾਲ ਦੇ ਕਾਰਜਕਾਲ ਵਿੱਚ ਵੀ ਨਹੀਂ ਕਰਵਾ ਸਕੀ। ਉਨ੍ਹਾਂ ਕਿਹਾ ਕਿ ਕਰੀਬ 14 ਕਰੋੜ ਦੀ ਰਾਸ਼ੀ ਨਾਲ ਨਵੀਂ ਅਨਾਜ ਮੰਡੀ ਦੀ ਕੀਤੀ ਗਈ ਕਾਇਆ ਕਲਪ ਸਭ ਦੇ ਸਾਹਮਣੇ ਹੈ।
ਇੱਥੋਂ ਚੋਣ ਲੜਨ ਵਾਲੇ ‘ਆਪ’ ਉਮੀਦਵਾਰ ਐਡਵੋਕੇਟ ਰੁਮੇਸ਼ ਗਰੋਵਰ ਪਾਰਟੀ ਨੂੰ ਅਲਵਿਦਾ ਆਖ ਗਏ ਹਨ। ਹੁਣ ਇੱਥੋਂ ‘ਆਪ’ ਦੀ ਟਿਕਟ ਦੇ ਦਾਅਵੇਦਾਰ ਅਤੇ ਹਲਕਾ ਇੰਚਾਰਜ ਨਵਦੀਪ ਸਿੰਘ ਸੰਘਾ ਨੇ ਕਿਹਾ ਕਿ ਕਾਂਗਰਸ ਵਿਧਾਇਕ ਡਾ. ਹਰਜੋਤ ਕਮਲ ਆਪਣੇ ਕਰੀਬ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਲਾਵਾਰਸ ਪਸ਼ੂਆਂ, ਆਵਾਜਾਈ, ਅਵਾਰਾ ਕੁੱਤਿਆਂ ਦਾ ਹੱਲ ਕਰਨ ’ਚ ਨਾਕਾਮ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ੁੱਧ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਲਣਾ ਆਮ ਹੋ ਗਿਆ ਹੈ।
ਇਸ ਤਰ੍ਹਾਂ ਪਿਛਲੇ ਦਿਨੀਂ ਇੱਕ ਕੌਂਸਲਰ ਨੇ ਕਾਰਪੋਰੇਸ਼ਨ ਵਿੱਚ ਰਿਸ਼ਵਤਖੋਰੀ ਦਾ ਵੀ ਖੁਲਾਸਾ ਕੀਤਾ ਹੈ। ‘ਆਪ’ ਆਗੂ ਨੇ ਕਿਹਾ ਕਿ ਹਲਕਾ ਮੋਗਾ ਦੇ ਕਈ ਪਿੰਡ ਹਾਈ ਸਕੂਲ ਤੋਂ ਵਾਂਝੇ ਹਨ। ਸਕੂਲਾਂ ਵਿੱਚ ਇਮਾਰਤਾਂ ਅਤੇ ਅਧਿਆਪਕਾਂ ਦੀ ਘਾਟ ਹੈ।
ਕਈ ਵੱਡੇ ਪਿੰਡਾਂ ਵਿੱਚ ਸੀਨੀਅਰ ਸੈਕੰਡਰੀ ਸਕੂਲ ਸਿਰਫ ਕਲਾ ਵਰਗ ਦੇ ਵਿਸ਼ਿਆਂ ਤੱਕ ਸੀਮਿਤ ਹਨ। ਇਸ ਤਰ੍ਹਾਂ ਮੈਡੀਕਲ, ਨਾਨ-ਮੈਡੀਕਲ, ਕਾਮਰਸ ਦੇ ਵਿਸ਼ਿਆਂ ਦੇ ਇਛੁੱਕ ਵਿਦਿਆਰਥੀਆਂ ਪੜ੍ਹਨ ਲਈ ਪਿੰਡ ਤੋਂ ਦੂਰ ਆਉਣਾ ਪੈਂਦਾ ਹੈ। ਪਿੰਡਾਂ ਦੀਆਂ ਕੁੜੀਆਂ ਦੂਰ ਪੜ੍ਹਾਈ ਲਈ ਨਾ ਜਾ ਸਕਣ ਕਾਰਨ ਸੀਮਿਤ ਵਿਸ਼ੇ ਪੜ੍ਹਨ ਲਈ ਮਜਬੂਰ ਹਨ।
ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਤੇ ਪਾਰਟੀ ਉਮੀਦਵਾਰ ਐਡਵੋਕੇਟ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਵਿਧਾਇਕ ਨੇ ਜੇਕਰ ਹਲਕੇ ਦਾ ਵਿਕਾਸ ਕਰਵਾਇਆ ਹੁੰਦਾ ਤਾਂ ਉਨ੍ਹਾਂ ਨੂੰ ਅੱਜ ਥਾਂ-ਥਾਂ ਫਲੈਕਸ ਬੋਰਡ ਲਾ ਕੇ ਇਹ ਦੱਸਣ ਦੀ ਲੋੜ ਨਹੀਂ ਸੀ ਪੈਣੀ। ਉਹ ਨਿਗਮ ਅੰਦਰ ਬਣੇ ਖੇਡ ਸਟੇਡੀਅਮ ਤੇ ਹੋਰ ਵਿਰਾਸਤੀ ਚੀਜ਼ਾਂ ਨੂੰ ਢਹਾਉਣ ਦੇ ਸਰਕਾਰੀ ਹੁਕਮ ਜਾਰੀ ਕਰਨ ਦੀ ਬਜਾਏ ਨਵੇਂ ਪ੍ਰਾਜੈਕਟ ਸ਼ਾਮਲ ਕਰਨ। ਉਨ੍ਹਾਂ ਕਿਹਾ ਕਿ ਹਲਕੇ ਦੇ ਹਜ਼ਾਰਾਂ ਬੇਰੁਜ਼ਗਾਰਾਂ ਨੂੰ ਸਿਵਾਏ ਲਾਰਿਆਂ ਦੇ ਕੁਝ ਨਹੀਂ ਮਿਲਿਆ।
-ਡਾ. ਹਰਜੋਤ ਕਮਲ, ਕਾਂਗਰਸ
<!–
<!–
–>
-ਨਵਦੀਪ ਸਿੰਘ ਸੰਘਾ, ‘ਆਪ’
<!–
<!–
–>
-ਬਰਜਿੰਦਰ ਸਿੰਘ ਮੱਖਣ ਬਰਾੜ, ਅਕਾਲੀ ਦਲ
<!–
<!–
–>