ਪੱਤਰ ਪ੍ਰੇਰਕ
ਫਿਲੌਰ, 8 ਸਤੰਬਰ
ਅੱਜ ਇਥੇ ਥਾਣੇ ਅੱਗੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵੱਲੋਂ ਧਰਨਾ ਦੇ ਕੇ ਇਲਾਕੇ ’ਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ, ਵਧ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ, ਨਸ਼ਿਆਂ ਦੇ ਪੈ ਰਹੇ ਮਾਰੂ ਅਸਰਾਂ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਬੁਲਰਿਆਂ ਨੇ ਕਿਹਾ ਕਿ ਇੱਕ ਨਹੀਂ ਸਗੋਂ ਅਨੇਕਾਂ ਚੋਰੀਆਂ, ਲੁੱਟ ਖੋਹ, ਗੈਂਗਵਾਰ ਆਦਿ ਦੀਆਂ ਦਿਨ ਦਿਹੜੇ ਵਾਰਦਾਤਾਂ ਹੋ ਰਹੀਆਂ ਹਨ। ਇਸ ਤੋਂ ਬਿਨਾਂ ਮੋਟਰਾਂ ਦੀਆਂ ਤਾਰਾਂ, ਟਰਂਸਫਾਰਮਰ ਆਦਿ ਵੀ ਵੱਡੇ ਪੱਧਰ ’ਤੇ ਚੋਰੀ ਹੋ ਰਹੇ ਹਨ। ਆਗੂਆਂ ਨੇ ਕਿਹਾ ਕਿ ਸਿਰਫ ਵਾਰਦਾਤਾਂ ਹੀ ਨਹੀਂ ਹੋ ਰਹੀਆਂ ਸਗੋਂ ਕੇਸ ਵੀ ਦਰਜ ਨਹੀਂ ਹੋ ਰਹੇ ਹਨ। ਇੱਥੋਂ ਤੱਕ ਕਿ ਫੜਾਏ ਚੋਰਾਂ ਖ਼ਿਲਾਫ਼ ਵੀ ਕਾਰਵਾਈ ਨਹੀਂ ਹੋ ਰਹੀ। ਆਗੂਆਂ ਨੇ ਕਿਹਾ ਕਿ ਇਸ ਤੋਂ ਮਾੜੀ ਸਥਿਤੀ ਕੀ ਹੋ ਸਕਦੀ ਹੈ ਕਿ ਥਾਣਾ ਮੁਖੀਆਂ ਦਾ ਵਤੀਰਾ ਵੀ ਲੋਕਾਂ ਪ੍ਰਤੀ ਨਿੰਦਣਯੋਗ ਹੈ। ਅੱਜ ਦੇ ਧਰਨੇ ਨੂੰ ਆਰਐੱਮਪੀਆਈ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਤਹਿਸੀਲ ਸਕੱਤਰ ਸੰਤੋਖ ਸਿੰਘ ਬਿਲਗਾ, ਜਰਨੈਲ ਫਿਲੌਰ, ਕੁਲਦੀਪ ਫਿਲੌਰ, ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ, ਮਾ. ਸ਼ਿੰਗਾਰਾ ਸਿੰਘ ਦੁਸਾਂਝ, ਸੁਖ ਰਾਮ ਦੁਸਾਂਝ, ਜੰਡਿਆਲਾ ਦੇ ਸਰਪੰਚ ਮੱਖਣ ਪੱਲਣ ਆਦਿ ਨੇ ਸੰਬੋਧਨ ਕੀਤਾ। ਧਰਨੇ ਦੌਰਾਨ ਆਗੂਆਂ ਦੇ ਇੱਕ ਵਫ਼ਦ ਨੇ ਸਾਰੇ ਮਸਲੇ ਡੀਐੱਸਪੀ ਫਿਲੌਰ ਹਰਨੀਲ ਸਿੰਘ ਦੇ ਧਿਆਨ ’ਚ ਲਿਆਂਦੇ। ਧਰਨੇ ’ਚ ਪੁੱਜ ਕੇ ਉਨ੍ਹਾਂ ਵਿਸ਼ਵਾਸ਼ ਦੁਆਇਆ ਕਿ ਇੱਕ ਹਫਤੇ ਅੰਦਰ ਮਸਲੇ ਹੱਲ ਕਰ ਦਿੱਤੇ ਜਾਣਗੇ।