ਮਾਨਸਾ (ਜੋਗਿੰਦਰ ਸਿੰਘ ਮਾਨ):
ਪ੍ਰਾਈਵੇਟ ਥਰਮਲ ਪਲਾਂਟ ‘ਤਲਵੰਡੀ ਸਾਬੋ ਪਾਵਰ ਲਿਮਿਟਡ’ ਬਣਾਂਵਾਲਾ ਲਈ ਕਿਸਾਨਾਂ ਨੇ ਅੱਜ ਦੂਜੇ ਦਿਨ ਵੀ ਕੋਲੇ ਵਾਲੇ ਰਾਹ ਰੋਕੀ ਰੱਖੇ। ਰੇਲ ਰੋਕੋ ਅੰਦੋਲਨ ਦੌਰਾਨ ਹੋਈ ਕੋਲੇ ਦੀ ਘਾਟ ਕਾਰਨ ਤਿੰਨ ਯੂਨਿਟਾਂ ਵਾਲੇ ਇਸ ਪਲਾਂਟ ਦਾ ਫਿਲਹਾਲ ਇੱਕੋ ਯੂਨਿਟ ਹੀ ਕੰਮ ਕਰ ਰਿਹਾ ਹੈ। ਇਹ ਥਰਮਲ ਪਲਾਂਟ ਕੁਝ ਦਿਨ ਪਹਿਲਾਂ ਕੋਲੇ ਦੀ ਘਾਟ ਬਿਲਕੁਲ ਬੰਦ ਹੋ ਗਿਆ ਸੀ ਪਰ ਸ਼ੁੱਕਰਵਾਰ ਰਾਤ ਕੋਲਾ ਮਿਲਣ ਮਗਰੋਂ ਮੁੜ ਚਾਲੂ ਹੋਇਆ ਹੈ। ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਬੀਤੇ ਦਿਨ ਨਿੱਜੀ ਥਰਮਲਾਂ ਦੀ ਕੋਲਾ ਸਪਲਾਈ ਰੋਕਣ ਦਾ ਐਲਾਨ ਕੀਤਾ ਸੀ, ਜਿਸ ਤਹਿਤ ਕਿਸਾਨਾਂ ਨੇ ਥਰਮਲ ਪਲਾਂਟ ਅੱਗੇ ਮੋਰਚਾ ਸੰਭਾਲ ਲਿਆ ਹੈ। ਵੇਰਵਿਆਂ ਮੁਤਾਬਕ ਭਾਵੇਂ ਕੁਝ ਪੁਲੀਸ ਅਧਿਕਾਰੀਆਂ ਰਾਹੀਂ ਇਸ ਧਰਨੇ ਨੂੰ ਚੁੱਕਣ ਦੀ ਗੱਲਬਾਤ ਜ਼ਿਲ੍ਹਾ ਇਕਾਈ ਦੇ ਆਗੂਆਂ ਨਾਲ ਹੋਈ ਹੈ, ਪਰ ਇਹ ਫ਼ੈਸਲਾ ਜਥੇਬੰਦੀ ਦੀ ਸੂਬਾਈ ਟੀਮ ਦੇ ਹੱਥਾਂ ਵਿੱਚ ਹੋਣ ਕਾਰਨ ਗੱਲ ਸਿਰੇ ਲੱਗਦੀ ਨਹੀਂ ਜਾਪ ਰਹੀ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਯੂਨੀਅਨ ਵੱਲੋਂ ਬਣਾਂਵਾਲਾ ਥਰਮਲ ਪਲਾਂਟ ਤੋਂ ਬਾਅਦ ਰਾਜਪੁਰਾ ਦੇ ਪ੍ਰਾਈਵੇਟ ਥਰਮਲ ਪਲਾਂਟ ਦੇ ਰੇਲ ਮਾਰਗ ਵੀ ਜਾਮ ਕਰ ਦਿੱਤੇ ਗਏ ਹਨ। ਥਰਮਲ ਪਲਾਂਟ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੂਬੇ ਵਿੱਚ ਵੱਡੀ ਪੱਧਰ ’ਤੇ ਬਿਜਲੀ ਸਪਲਾਈ ਇਸੇ ਤਾਪ ਘਰ ਵੱਲੋਂ ਦਿੱਤੀ ਜਾਂਦੀ ਰਹੀ ਹੈ ਪਰ ਕੋਲੇ ਦੀ ਘਾਟ ਕਾਰਨ ਬਿਜਲੀ ਦੀ ਸਰਕਾਰੀ ਮੰਗ ਪੂਰੀ ਨਹੀਂ ਹੋ ਰਹੀ। ਉਨ੍ਹਾਂ ਆਖਿਆ ਕਿ ਤਾਪ ਘਰ ਕੋਲ ਮਹਿਜ਼ ਦੋ ਦਿਨਾਂ ਦਾ ਕੋਲਾ ਹੈ। ਜੇਕਰ ਹੋਰ ਕੋਲਾ ਨਾ ਮਿਲਿਆ ਤਾਂ ਥਰਮਲ ਪਲਾਂਟ ਮੁੜ ਬੰਦ ਹੋ ਜਾਵੇਗਾ।