ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਮਈ
ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਡਾਇਮੋਨੀਅਮ ਹਾਈਡਰੋਜਨ ਫਾਸਫੇਟ (ਡੀਏਪੀ) ਅਤੇ ਨਾਈਟਰੋਜਨ ਫਾਸਫੋਰਸ ਪੋਟਾਸ਼ੀਅਮ (ਐੱਨਪੀਕੇ) ਖਾਦ ਸਬਸਿਡੀ ’ਤੇ ਦੇਵੇ। ਇਕ ਬਿਆਨ ਵਿੱਚ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਖੇਤੀਬਾੜੀ ਪਹਿਲਾਂ ਹੀ ਲਾਹੇਵੰਦ ਧੰਦਾ ਨਹੀਂ ਰਿਹਾ, ਉਪਰੋਂ ਦੋਵਾਂ ਖਾਦਾਂ ਦੀਆਂ ਕੀਮਤਾਂ ਵਿੱਚ 50 ਤੋਂ 60 ਫੀਸਦੀ ਵਾਧਾ ਪਹਿਲਾਂ ਹੀ ਕਰਜ਼ੇ ਦੇ ਜਾਲ ਵਿੱਚ ਫਸੇ ਕਿਸਾਨਾਂ ਦਾ ਲੱਕ ਤੋੜ ਦੇਵੇਗਾ। ਮਲੂਕਾ ਨੇ ਮੰਗ ਕੀਤੀ ਕਿ ਸਰਕਾਰ ਡੀਏਪੀ ਅਤੇ ਯੂਰੀਆ ਖਾਦ ਦੇ ਭਾਅ ਵਿੱਚ ਕੀਤਾ ਵਾਧਾ ਵਾਪਸ ਲਵੇ। ਉਨ੍ਹਾਂ ਕਿਹਾ ਕਿ ਖਾਦਾਂ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਕਣਕ, ਝੋਨੇ ਤੇ ਮੱਕੀ ਦੀ ਪੈਦਾਵਾਰ ਤੋਂ ਕਿਸਾਨਾਂ ਦੀ ਆਮਦਨ ਘੱਟ ਜਾਵੇਗੀ ਤੇ ਡੀਏਪੀ ਦੀ ਵੱਡੀ ਪੱਧਰ ’ਤੇ ਵਰਤੋਂ ਕਰਨ ਵਾਲੇ ਆਲੂ ਤੇ ਗੰਨਾ ਉਤਪਾਦਕ ਕਿਸਾਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਮਲੂਕਾ ਨੇ ਕਿਹਾ ਕਿ ਆਲੂ ਉਤਪਾਦਕ ਕਿਸਾਨ ਪ੍ਰਤੀ ਏਕੜ ਡੀਏਪੀ ਦੇ ਚਾਰ ਥੈਲੇ ਅਤੇ ਗੰਨਾ ਉਤਪਾਦਕ ਕਿਸਾਨ ਪ੍ਰਤੀ ਏਕੜ 3 ਥੈਲੇ ਡੀਏਪੀ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਸਹਿਕਾਰੀ ਸਭਾਵਾਂ ਤੋਂ ਕਿਸਾਨਾਂ ਨੂੰ ਪੁਰਾਣੇ ਰੇਟ ’ਤੇ ਡੀਏਪੀ ਦੇਣੀ ਚਾਹੀਦੀ ਹੈ। ਮਲੂਕਾ ਨੇ ਕਿਹਾ ਕਿ ਕਿਸਾਨਾਂ ਵਿੱਚ ਇਹ ਭਾਵਨਾ ਵਧ ਰਹੀ ਹੈ ਕਿ ਕੇਂਦਰ ਸਰਕਾਰ ਜਾਣ-ਬੁੱਝ ਕੇ ਕਿਸਾਨਾਂ ਨਾਲ ਵਿਤਕਰਾ ਕਰ ਰਹੀ ਹੈ ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਇਨ੍ਹਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਬਦਲਾਖੋਰੀ ਦੀ ਭਾਵਨਾ ਤਹਿਤ ਖਾਦਾਂ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ ਤੁਰੰਤ ਵਾਪਸ ਲਿਆ ਜਾਵੇ।