ਮਕਬੂਲ ਅਹਿਮਦ
ਕਾਦੀਆਂ, 23 ਜੂਨ
ਪੰਜਾਬ ਸਰਕਾਰ ਵੱਲੋਂ ਹਲਕਾ ਕਾਦੀਆਂ ਦੇ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਦੇ ਪੁੱਤਰ ਅਰਜੁਨ ਪ੍ਰਤਾਪ ਸਿੰਘ ਬਾਜਵਾ ਨੂੰ ਤਰਸ ਦੇ ਆਧਾਰ ’ਤੇ ਪੰਜਾਬ ਪੁਲੀਸ ’ਚ ਇੰਸਪੈਕਟਰ ਲਾਉਣ ਨਾਲ ਜਿਥੇ ਕਾਂਗਰਸ ਦੀ ਕਾਫ਼ੀ ਕਿਰਕਿਰੀ ਹੋ ਰਹੀ ਸੀ, ਉਥੇ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਦੇ ਅਕਸ ਨੂੰ ਵੀ ਧੱਕਾ ਲੱਗਿਆ। ਅਰਬਪਤੀ ਘਰਾਣਾ ਹੋਣ ਦੇ ਬਾਵਜੂਦ ਤਰਸ ਦੇ ਆਧਾਰ ’ਤੇ ਇੰਸਪੈਕਟਰ ਲੱਗਣ ਲਈ ਡੋਲ ਜਾਣ ਕਾਰਨ ਉਹ ਮਜ਼ਾਕ ਦਾ ਪਾਤਰ ਵੀ ਬਣੇ। ਕਾਦੀਆਂ ’ਚ ਲੋਕ ਹੈਰਾਨ ਸਨ ਕਿ ਸ੍ਰੀ ਬਾਜਵਾ ਨੇ ਇਹ ਕਿਵੇਂ ਮਨਜ਼ੂਰ ਕਰ ਲਿਆ। ਉਨ੍ਹਾਂ ਦਾ ਕੱਦਾਵਰ ਸਿਆਸੀ ਅਤੇ ਅਮੀਰ ਘਰਾਣਾ ਹੈ। ਜਿਹੜਾ ਪਰਿਵਾਰ ਲੋਕਾਂ ’ਤੇ ਤਰਸ ਖਾਂਦਾ ਹੈ ਉਹ ਕਿਵੇਂ ਤਰਸ ਦੇ ਆਧਾਰ ’ਤੇ ਇੰਸਪੈਕਟਰ ਦੀ ਨੌਕਰੀ ਕਬੂਲ ਕਰ ਸਕਦਾ ਹੈ। ਕਾਫ਼ੀ ਦਿਨਾਂ ਤੱਕ ਖ਼ਾਮੋਸ਼ ਰਹਿਣ ਤੋਂ ਬਾਅਦ ਉਨ੍ਹਾਂ ਭਾਵੇਂ ਨੌਕਰੀ ਨਾ ਲੈਣ ਦਾ ਫੈਸਲਾ ਕਰ ਲਿਆ ਪਰ ਜੇਕਰ ਉਸੇ ਸਮੇਂ ਉਹ ਨੌਕਰੀ ਲੈਣ ਤੋਂ ਨਾਂਹ ਕਰ ਦਿੰਦੇ ਤਾਂ ਅੱਜ ਫ਼ਤਿਹਜੰਗ ਬਾਜਵਾ ਦੇ ਅਕਸ ’ਤੇ ਮਾੜਾ ਅਸਰ ਨਾ ਪੈਂਦਾ।
ਲੋਕਾਂ ਦਾ ਕਹਿਣਾ ਹੈ ਕਿ ਮਰਹੂਮ ਸਤਨਾਮ ਸਿੰਘ ਬਾਜਵਾ ਦੇ ਨਾਲ ਜਿਹੜੇ 8 ਵਿਅਕਤੀ ਮਾਰੇ ਗਏ ਸਨ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਸਰਕਾਰੀ ਨੌਕਰੀ ਦੇਣੀ ਚਾਹੀਦੀ ਸੀ। ਉਨ੍ਹਾਂ ਵਿੱਚੋਂ ਕੁਝ ਨੂੰ ਮਹਿਜ਼ 1500 ਰੁਪਏ ਦੀ ਪੈਨਸ਼ਨ ਨਾਲ ਸਬਰ ਕਰਨਾ ਪਿਆ। ਜਦਕਿ ਇਹ ਪਰਿਵਾਰ ਅਰਜੁਨ ਪ੍ਰਤਾਪ ਸਿੰਘ ਬਾਜਵਾ ਦੇ ਮੁਕਾਬਲੇ ਤਰਸ ਦੇ ਆਧਾਰ ’ਤੇ ਨੌਕਰੀ ਲੈਣ ਦੇ ਵੱਧ ਹੱਕਦਾਰ ਹਨ। ਇਸ ਮਾਮਲੇ ਤੋਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਸਿਆਸੀ ਲਾਹਾ ਮਿਲ ਸਕਦਾ ਹੈ।