ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਅਗਸਤ
ਸਾਬਕਾ ਕੇਂਦਰੀ ਮੰਤਰੀ ਮਨੀਸ਼ੰਕਰ ਅਈਅਰ ਨੇ ਦੱਖਣੀ ਏਸ਼ੀਆ ਵਿੱਚ ਸਥਾਈ ਸ਼ਾਂਤੀ ਦੀ ਕੁੰਜੀ ਵਜੋਂ ਸਾਰਕ ਦੇ ਖੇਤਰੀ ਪਲੈਟਫਾਰਮ ਨੂੰ ਮੁੜ ਸਰਗਰਮ ਕਰਨ ਦਾ ਸੱਦਾ ਦਿੱਤਾ। ਇੰਟਰਨੈਸ਼ਨਲਿਸਟ ਡੈਮੋਕਰੇਟਿਕ ਪਲੈਟਫਾਰਮ (ਆਈਡੀਪੀ) ਵੱਲੋਂ ‘ਟਾਕਿੰਗ ਸਾਰਕ- ਏ ਹੋਪ ਸਾਊਥ ਏਸ਼ੀਆ ਮਸਟ ਨਾਟ ਲੈੱਟ ਗੋ’ ਵਿਸ਼ੇ ’ਤੇ ਕਰਵਾਏ ਸੈਮੀਨਾਰ ਵਿੱਚ ਉਨ੍ਹਾਂ ਕਿਹਾ ਕਿ ਸਰਹੱਦ ਦੇ ਦੋਵੇਂ ਪਾਸੇ ਅਜਿਹੇ ਤੱਤ ਹਨ ਜੋ ਦੋ ਪਰਮਾਣੂ ਸ਼ਕਤੀਆਂ ਵਿਚਕਾਰ ਸ਼ਾਂਤੀ ਦੇ ਵਿਰੋਧੀ ਹਨ ਜਿਸ ਦਾ ਜਵਾਬ ਦੁਵੱਲੀ ਸ਼ਾਂਤੀ ਅਤੇ ਸਾਰਕ ਸੰਮੇਲਨਾਂ ਦੀ ਪੁਨਰ-ਸੁਰਜੀਤੀ ਦੀ ਮੰਗ ਕਰਨ ਵਾਲੀ ਇੱਕ ਲੋਕ ਲਹਿਰ ਹੋਣਾ ਚਾਹੀਦਾ ਹੈ। ਦੱਸਣਾ ਬਣਦਾ ਹੈ ਕਿ ਮਨੀ ਸ਼ੰਕਰ ਅਈਅਰ ਡਿਪਲੋਮੈਟ ਤੋਂ ਸਿਆਸਤਦਾਨ ਬਣੇ ਸਨ ਅਤੇ ਦੱਖਣੀ-ਏਸ਼ੀਆ ਸ਼ਾਂਤੀ ਦੇ ਮਜ਼ਬੂਤ ਪੈਰੋਕਾਰਾਂ ਵਿੱਚੋਂ ਇੱਕ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਕੋਸਣ ਦੀ ਬਜਾਏ ਸਾਨੂੰ ਆਪਣੇ ਗੁਆਂਢੀ ਦੇਸ਼ ਨੂੰ ਵਧਾਈ ਦੇਣੀ ਚਾਹੀਦੀ ਹੈ ਕਿਉਂਕਿ 14 ਅਗਸਤ ਉਨ੍ਹਾਂ ਦਾ ਅੰਮ੍ਰਿਤ ਮਹਾਉਤਸਵ ਵੀ ਹੈ, ਬਦਲੇ ਵਿੱਚ 15 ਅਗਸਤ ਨੂੰ ਸਾਨੂੰ ਵੀ ਪਿਆਰ ਹੀ ਮਿਲੇਗਾ।
ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਭਾਰਤ ਵਿਚ ਹਿੰਦੂਤਵ ਏਜੰਡੇ ਨੂੰ ਹਰਾਉਣਾ ਜਾਂ ਪਾਕਿਸਤਾਨ ਦੀ ਰਾਜਨੀਤੀ ’ਤੇ ਕੱਟੜਪੰਥੀ ਇਸਲਾਮੀ ਤੱਤਾਂ ਅਤੇ ਫੌਜ ਦੀ ਪਕੜ ਨੂੰ ਕਮਜ਼ੋਰ ਕਰਨਾ ਹੁਣ ਲਗਪਗ ਅਸੰਭਵ ਹੈ ਪਰ ਮਜ਼ਬੂਤ ਸਾਰਕ ਦੀ ਪੁਨਰ-ਸੁਰਜੀਤੀ ਇਨ੍ਹਾਂ ਸਮੀਕਰਨਾਂ ਨੂੰ ਬਦਲ ਸਕਦੀ ਹੈ। ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਆਈਡੀ ਖਜੂਰੀਆ, ਭਾਰਤ-ਪਾਕਿ ਸ਼ਾਂਤੀ ਕਾਰਕੁਨ ਓਪੀ ਸ਼ਾਹ ਤੇ ਹੋਰਨਾਂ ਨੇ ਸੰਬੋਧਨ ਕੀਤਾ।
ਹਿੰਦ-ਪਾਕਿ ਦੋਸਤੀ ਸੰਮੇਲਨ ਅੱਜ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ, ਸਾਫ਼ਮਾ ਤੇ ਪੰਜਾਬ ਜਾਗ੍ਰਿਤੀ ਮੰਚ ਵਲੋਂ ਸਰਬੱਤ ਦਾ ਭਲਾ ਟਰੱਸਟ ਅਤੇ ਨਾਟਸ਼ਾਲਾ ਅੰਮ੍ਰਿਤਸਰ ਦੇ ਸਹਿਯੋਗ ਨਾਲ 27ਵਾਂ ਹਿੰਦ-ਪਾਕਿ ਦੋਸਤੀ ਸੰਮੇਲਨ ਭਲਕੇ 14 ਅਗਸਤ ਨੂੰ ਕਰਵਾਇਆ ਜਾਵੇਗਾ। ਸਤਨਾਮ ਮਾਣਕ ਨੇ ਦੱਸਿਆ ਕਿ 14 ਅਗਸਤ ਨੂੰ ਸਵੇਰੇ ਨਾਟਸ਼ਾਲਾ ਅੰਮ੍ਰਿਤਸਰ (ਸਾਹਮਣੇ ਖਾਲਸਾ ਕਾਲਜ) ਵਿਚ ਅਜੋਕੀ ਸਥਿਤੀ ਵਿਚ ਭਾਰਤ-ਪਾਕਿਸਤਾਨ ਸਬੰਧ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਜਾਵੇਗਾ। ਇਸ ਸੈਮੀਨਾਰ ਵਿਚ ਭਾਰਤ ਦੇ ਸਾਬਕਾ ਰਾਜਦੂਤ ਨਵਦੀਪ ਸਿੰਘ ਸੂਰੀ, ਪੰਚਾਇਤ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸਾਈਦਾ ਹਮੀਦ, ਨਈ ਦੁਨੀਆ ਦੇ ਸੰਪਾਦਕ ਸ਼ਾਹਿਦ ਸਦੀਕੀ, ਪੱਤਰਕਾਰ ਆਸ਼ੂਤੋਸ਼ ਤੇ ਰਾਜਦੀਪ ਸਰਦੇਸਾਈ, ਪ੍ਰੋਫ਼ੈਸਰ ਬਾਵਾ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ ਅਤੇ ਕਿਸਾਨ ਆਗੂ ਦਰਸ਼ਨ ਪਾਲ ਆਪਣੇ ਵਿਚਾਰ ਪ੍ਰਗਟ ਕਰਨਗੇ। ਇਸ ਉਪਰੰਤ ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਵਲੋਂ ਮੈਗਜ਼ੀਨ ‘ਪੰਜ ਪਾਣੀ’ ਅਤੇ ਕੁਝ ਹੋਰ ਪੁਸਤਕਾਂ ਵੀ ਰਿਲੀਜ਼ ਕੀਤੀਆਂ ਜਾਣਗੀਆਂ। ਇਸੇ ਸਥਾਨ ’ਤੇ ਸ਼ਾਮ ਵੇਲੇ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦੀ ਦੋਸਤੀ ਨੂੰ ਸਮਰਪਿਤ ਸੱਭਿਆਚਾਰਕ ਸ਼ਾਮ ਕਰਵਾਈ ਜਾਵੇਗੀ।