ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਸਤੰਬਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੰਪੀ ਸਕਿਨ ਬਿਮਾਰੀ ’ਤੇ ਨਿਗਰਾਨੀ ਲਈ ਬਣਾਏ ਮੰਤਰੀ ਸਮੂਹ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਬਿਮਾਰੀ ਨੂੰ ‘ਨੈਸ਼ਨਲ ਐਨੀਮਲ ਡਿਜ਼ੀਜ਼ ਕੰਟਰੋਲ ਪ੍ਰੋਗਰਾਮ’ ਵਿੱਚ ਸ਼ਾਮਲ ਕੀਤਾ ਜਾਵੇ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਕਿਹਾ ਕਿ ਉਹ ਛੇਤੀ ਹੀ ਕੇਂਦਰੀ ਪਸ਼ੂ ਪਾਲਣ ਮੰਤਰੀ ਪਰਸ਼ੋਤਮ ਰੁਪਾਲਾ ਨੂੰ ਮਿਲ ਕੇ ਲੰਪੀ ਸਕਿਨ ਨੂੰ ‘ਨੈਸ਼ਨਲ ਐਨੀਮਲ ਡਿਜ਼ੀਜ਼ ਕੰਟਰੋਲ ਪ੍ਰੋਗਰਾਮ’ ਵਿੱਚ ਸ਼ਾਮਲ ਕਰਾਉਣ ਦਾ ਮੁੱਦਾ ਉਠਾਉਣ।
ਜਾਣਕਾਰੀ ਮੁਤਾਬਕ ਪਸ਼ੂ ਪਾਲਣ ਵਿਭਾਗ ਨੇ ਪੰਜਾਬ ਭਵਨ ਵਿੱਚ ਮੰਤਰੀ ਸਮੂਹ ਨੂੰ ਲੰਪੀ ਸਕਿਨ ਦੀ ਰੋਕਥਾਮ ਸਬੰਧੀ ਰਾਹਤ ਕਾਰਜਾਂ ਦੀ ਜਾਇਜ਼ਾ ਮੀਟਿੰਗ ਦੌਰਾਨ ਜਾਣੂ ਕਰਵਾਇਆ ਕਿ ਲੰਪੀ ਸਕਿਨ ਤੋਂ ਬਚਾਅ ਲਈ ਵਿਭਾਗ ਵੱਲੋਂ 1.54 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਨਾਲ ਗੋਟ ਪੌਕਸ ਵੈਕਸੀਨ ਦੀਆਂ ਖ਼ਰੀਦੀਆਂ 10.16 ਲੱਖ ਖੁਰਾਕਾਂ ਵਿਚੋਂ ਹੁਣ ਤੱਕ 9.10 ਲੱਖ ਤੋਂ ਵੱਧ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਅਤੇ ਵਿਭਾਗ ਕੋਲ 1.10 ਲੱਖ ਤੋਂ ਵੱਧ ਟੀਕੇ ਉਪਲਬਧ ਹਨ। ਸੂਬੇ ਦੇ 1.45 ਲੱਖ ਤੋਂ ਵੱਧ ਪਸ਼ੂ ਪਾਲਕਾਂ ਦੇ ਪਸ਼ੂਆਂ ਦਾ ਮੁਫ਼ਤ ਇਲਾਜ ਕੀਤਾ ਗਿਆ ਹੈ।
ਇਸ ਦੌਰਾਨ ਵਿੱਤ ਮੰਤਰੀ ਦੀ ਅਗਵਾਈ ਵਾਲੇ ਮੰਤਰੀ ਸਮੂਹ ਨੇ ਹੁਕਮ ਦਿੱਤਾ ਕਿ ਦੂਜੇ ਗੇੜ ਦੌਰਾਨ ਸੂਬੇ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ, ਕਮਰਸ਼ੀਅਲ ਡੇਅਰੀ ਕਿਸਾਨਾਂ, ਗੁੱਜਰ ਭਾਈਚਾਰੇ ਅਤੇ ਹੋਰਨਾਂ ਲੋਕਾਂ ਵੱਲੋਂ ਵੱਡੀ ਤਾਦਾਦ ’ਚ ਰੱਖੀਆਂ ਗਊਆਂ ਦਾ ਟੀਕਾਕਰਨ ਯਕੀਨੀ ਬਣਾਇਆ ਜਾਵੇ। ਮੰਤਰੀ ਸਮੂਹ ਨੇ ਪ੍ਰਮੁੱਖ ਸਕੱਤਰ ਪਸ਼ੂ ਪਾਲਣ ਨੂੰ ਵੀ ਹਦਾਇਤ ਕੀਤੀ ਕਿ ਉਹ ਮਿਲਕਫੈੱਡ ਦੇ ਐਮ.ਡੀ. ਨਾਲ ਮੀਟਿੰਗ ਕਰ ਕੇ ਅਦਾਰੇ ਅਧੀਨ ਰਜਿਸਟਰਡ ਡੇਅਰੀ ਫਾਰਮਰਾਂ ਦੇ ਪਸ਼ੂਆਂ ਦਾ ਟੀਕਾਕਰਨ ਯਕੀਨੀ ਬਣਾਉਣ। ਜ਼ਿਲ੍ਹਾ ਪਠਾਨਕੋਟ ਵਿੱਚ ਨਾ-ਵਰਤੀ ਜਾਣ ਕਾਰਨ ਮਿਆਦ ਪੁੱਗਾ ਚੁੱਕੀ ਗਲ-ਘੋਟੂ ਵੈਕਸੀਨ ਦੀਆਂ 19,150 ਖ਼ੁਰਾਕਾਂ ਦਾ ਗੰਭੀਰ ਨੋਟਿਸ ਲੈਂਦਿਆਂ ਮੰਤਰੀ ਸਮੂਹ ਨੇ ਜ਼ਿੰਮੇਵਾਰ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਹਦਾਇਤ ਕੀਤੀ ਹੈ। ਇਸੇ ਦੌਰਾਨ ਮੰਤਰੀਆਂ ਨੇ ਗਲ-ਘੋਟੂ ਅਤੇ ਮੂੰਹ-ਖੁਰ ਦੀ ਬਿਮਾਰੀ ਦੇ ਟੀਕਾਕਰਨ ਦਾ ਟੀਚਾ ਕ੍ਰਮਵਾਰ 30 ਸਤੰਬਰ ਅਤੇ 15 ਅਕਤੂਬਰ ਤੱਕ ਮੁਕੰਮਲ ਕਰਨ ਦੀ ਹਦਾਇਤ ਕੀਤੀ। ਮੀਟਿੰਗ ਦੌਰਾਨ ਪਸ਼ੂ ਮੇਲਿਆਂ ਅਤੇ ਪਸ਼ੂਆਂ ਦੀ ਅੰਤਰਰਾਜੀ ਆਵਾਜਾਈ ’ਤੇ ਰੋਕ ਅਗਲੇ ਹੁਕਮਾਂ ਤੱਕ ਬਰਕਰਾਰ ਰੱਖਣ ਲਈ ਵੀ ਆਖਿਆ। ਮੀਟਿੰਗ ਵਿੱਚ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਸੂਬੇ ਵਿੱਚ ਲੰਪੀ ਸਕਿਨ ਤੋਂ ਪ੍ਰਭਾਵਿਤ ਪਸ਼ੂਆਂ ਵਿੱਚੋਂ 1,08,605 ਪਸ਼ੂ ਠੀਕ ਹੋ ਚੁੱਕੇ ਹਨ।