ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਨਵੰਬਰ
ਸੂਬਾ ਭਰ ’ਚ ਮਾਲ ਅਧਿਕਾਰੀਆਂ ਅਤੇ ਦਫ਼ਤਰੀ ਕਾਮਿਆਂ ਵੱਲੋਂ ਹੁਸ਼ਿਆਰਪੁਰ ਵਿਜੀਲੈਂਸ ਵੱਲੋਂ ਮਾਹਿਲਪੁਰ ਸਬ ਤਹਿਸੀਲ ਦੇ ਨਾਇਬ ਤਹਿਸੀਲਦਾਰ ਅਤੇ ਕਲਰਕ ਦੀ ਗ੍ਰਿਫ਼ਤਾਰੀ ਦੇ ਰੋਸ ਵਿੱਚ ਅੱਜ ਦੂਜੇ ਦਿਨ ਦੀ ਹੜਤਾਲ ਕੀਤੀ, ਜਿਸ ਕਾਰਨ ਖੁਆਰ ਹੋ ਰਹੇ ਹਨ। ਇਥੇ ਮਾਲ ਵਿਭਾਗ ਦਫ਼ਤਰੀ ਕਾਮਿਆਂ ਨੇ ਵਿਜੀਲੈਂਸ ਤੇ ਰਾਜ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਵਿਜੀਲੈਸ ਵੱਲੋਂ ਮਾਹਿਲਪੁਰ ਸਬ ਤਹਿਸੀਲ ਦੇ ਨਾਇਬ ਤਹਿਸੀਲਦਾਰ ਅਤੇ ਕਲਰਕ ਖ਼ਿਲਾਫ਼ ਅਮਲ ’ਚ ਲਿਆਂਦੀ ਗਈ ਕਾਰਵਾਈ ਦਾ ਵਿਰੋਧ ਕਰ ਰਹੇ ਹਨ। ਵਿਜੀਲੈਂਸ ਵਿਭਾਗ ਵੱਲੋਂ ਲਿਆਂਦੀ ਗਈ ਇਹ ਕਾਰਵਾਈ ਪੂਰੀ ਤਰ੍ਹਾਂ ਨਾਜਾਇਜ਼ ਹੈ। ਜਦੋਂ ਤੱਕ ਇਸ ਗੈਰ-ਕਾਨੂੰਨੀ ਕਾਰਵਾਈ ਨੂੰ ਵਾਪਸ ਨਹੀਂ ਲਿਆ ਜਾਂਦਾ, ਤਦ ਤੱਕ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ। ਇਸ ਮੌਕੇ ਡੀਸੀ ਦਫ਼ਤਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਕੁਮਾਰ, ਚੇਅਰਮੈਨ ਹਰਮੀਤ ਸਿੰਘ, ਜਨਰਲ ਸਕੱਤਰ ਗੁਰਜੀਤ ਸਿੰਘ, ਮੁਲਖ ਰਾਜ ਸਿੰਘ, ਦਲਵੀਰ ਸਿੰਘ ਸਿੱਧੂ,ਗੁਰਵਿੰਦਰ ਸਿੰਘ, ਸਤਨਾਮ ਸਿੰਘ ਖੋਸਾ, ਨਵਪ੍ਰੀਤ ਕੌਰ ਤੇ ਹੋਰ ਕਾਮੇ ਮੌਜੂਦ ਸਨ। ਤਿੰਨ ਦਿਨ ਪਹਿਲਾਂ ਵਿਜੀਲੈਂਸ ਦੀ ਹੁਸ਼ਿਆਰਪੁਰ ਟੀਮ ਵੱਲੋਂ ਮਾਹਿਲਪੁਰ ਦੇ ਨਾਇਬ ਤਹਿਸੀਲਦਾਰ, ਰਜਿਸਟਰੀ ਕਲਰਕ ਅਤੇ ਦੋ ਹੋਰ ਵਿਅਕਤੀਆਂ ਨੂੰ ਰੰਗੇ ਹੱਥੀ ਰਿਸ਼ਵਤ ਲੈਂਦੇ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਦੀ ਟੀਮ ਸਾਰਿਆਂ ਨੂੰ ਹਿਰਾਸਤ ਵਿੱਚ ਲੈ ਕੇ ਹੁਸ਼ਿਆਰਪੁਰ ਲੈ ਗਈ।