ਸੁਖਮੀਤ ਭਸੀਨ
ਬਠਿੰਡਾ, 3 ਅਕਤੂਬਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਲੰਬੇ ਵਕਫ਼ੇ ਬਾਅਦ ਪੰਜਾਬ ਦੀ ਸਿਆਸੀ ਸਟੇਜ ’ਤੇ ਪਰਤੇ। ਉਨ੍ਹਾਂ ਦੋ ਸਾਲਾਂ ਤੋਂ ਵੱਧ ਸਮੇਂ ਬਾਅਦ ਅੱਜ ਬਠਿੰਡਾ ਦੇ ਥਰਮਲ ਗਰਾਊਂਡ ਵਿਚ ਸਿਆਸੀ ਰੈਲੀ ਨੂੰ ਸੰਬੋਧਨ ਕੀਤਾ। ਸ਼੍ਰੋਮਣੀ ਅਕਾਲੀ, ਜੋ ਚਾਰ ਸਾਲ ਵਿਰੋਧੀ ਧਿਰ ਵਿਚ ਬੈਠਣ ਤੋਂ ਬਾਅਦ ਮੁੜ ਸੱਤਾ ਵਿਚ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਵੱਲੋਂ ਅੱਜ ਇਸ ਰੈਲੀ ਦੌਰਾਨ ਕਿਸਾਨਾਂ ਨੂੰ ਸੰਬੋਧਨ ਕੀਤਾ ਗਿਆ। ਇਹ ਰੈਲੀ ਪੰਜਾਬ ਦੇ ਮਾਲਵਾ ਖੇਤਰ ਵਿਚ ਕਪਾਹ ਦੀ ਫ਼ਸਲ ਦੇ ਖ਼ਰਾਬੇ ਦੇ ਵਿਰੋਧ ਵਜੋਂ ਕੀਤੀ ਗਈ। ਲੰਬੇ ਸਮੇਂ ਬਾਅਦ ਸਿਆਸੀ ਸਟੇਜ ’ਤੇ ਪਰਤੇ 93 ਸਾਲਾ ਵੱਡੇ ਬਾਦਲ ਕੋਲੋਂ ਉਨ੍ਹਾਂ ਦੇ ਭਾਸ਼ਣ ਦੇ ਸ਼ੁਰੂ ਵਿਚ ਹੀ ਗਲਤੀ ਹੋ ਗਈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ-ਬਸਪਾ ਵਰਕਰਾਂ ਦੀ ਥਾਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਵਰਕਰਾਂ ਦਾ ਜ਼ਿਕਰ ਕਰਦਿਆਂ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦਾ ਲੰਬੇ ਸਮੇਂ ਤੱਕ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਰਿਹਾ ਹੈ। ਦੋਹਾਂ ਪਾਰਟੀਆਂ ਦਾ ਇਹ ਗੱਠਜੋੜ ਪਿਛਲੇ ਸਾਲ ਖੇਤੀ ਕਾਨੂੰਨਾਂ ਕਾਰਨ ਟੁੱਟਿਆ ਸੀ।