ਮਨੋਜ ਸ਼ਰਮਾ
ਬਠਿੰਡਾ, 4 ਮਾਰਚ
ਯੂਕਰੇਨ ਤੋਂ ਭਾਰਤ ਪਰਤੇ ਐੱਮਬੀਬੀਐੱਸ ਤੀਜੇ ਸਾਲ ਦੇ ਵਿਦਿਆਰਥੀ ਮੁਕੇਸ਼ ਨੇ ਕਿਹਾ, ‘ਜੇਕਰ ਤੁਸੀਂ ਹਿੰਮਤ ਰੱਖਦੇ ਹੋ ਤਾਂ ਭਾਰਤ ਵਾਪਸ ਆ ਜਾਓਗੇ ਤੇ ਜੇਕਰ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਭਾਰਤੀ ਦੂਤਾਵਾਸ ਦੇ ਅਧਿਕਾਰੀ ਬਾਹਰ ਕੱਢਣਗੇ ਤਾਂ ਸੰਭਾਵਨਾ ਬਹੁਤ ਘੱਟ ਹੈ।’ ਖਾਰਕੀਵ ਤੋਂ ਪਰਤੇ ਇੱਕ ਹੋਰ ਵਿਦਿਆਰਥੀ ਸ਼ੁਭਕਰਮਨ ਵਾਸੀ ਪਾਵਰ ਹਾਊਸ ਰੋਡ, ਬਠਿੰਡਾ ਨੇ ਕਿਹਾ ਉਨ੍ਹਾਂ ਨੂੰ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ 15 ਫਰਵਰੀ ਤੱਕ ਹਨੇਰੇ ਵਿੱਚ ਰੱਖਿਆ। ਉਨ੍ਹਾਂ ਨੂੰ ਕਿਹਾ ਗਿਆ ਕਿ ਕੋਈ ਖ਼ਤਰਾ ਨਹੀਂ ਹੈ, ਜਦਕਿ ਦੂਜੇ ਦੇਸ਼ਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਕੱਢਣ ਦੇ ਯਤਨ ਆਰੰਭ ਦਿੱਤੇ ਗਏ ਸਨ। ਉਸ ਨੇ ਰੱਬ ਦਾ ਸ਼ੁਕਰ ਕੀਤਾ ਕਿ ਉਹ ਆਪਣੇ ਪਰਿਵਾਰ ਵਿੱਚ ਪਰਤ ਆਇਆ ਹੈ। ਤਲਵੰਡੀ ਸਾਬੋ ਬਠਿੰਡਾ ਦੇ ਰਹਿਣ ਵਾਲੇ ਹਰਸ਼ਦੀਪ ਸਿੰਘ (19) ਤੇ ਉਸ ਦੀ ਭੈਣ ਪਲਕਪ੍ਰੀਤ ਕੌਰ (20) ਵੀਰਵਾਰ ਨੂੰ ਭਾਰਤ ਪਰਤੇ। ਉਹ ਦੋਵੇਂ ਪੱਛਮੀ-ਕੇਂਦਰੀ ਯੂਕਰੇਨ ਸਥਿਤ ਵਿਨਿਤਸੀਆ ਸ਼ਹਿਰ ’ਚ ਪਿਰੋਗੋਵ ਮੈਡੀਕਲ ਯੂਨੀਸਰਸਿਟੀ ਤੋਂ ਐੱਮਬੀਬੀਐੱਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਮੁਸੀਬਤਾਂ ਝੱਲ ਕੇ ਯੂਕਰੇਨ ਦੀ ਹੱਦ ਰਾਹੀਂ ਰੋਮਾਨੀਆ ਪਹੁੰਚੇ, ਜਿੱਥੋਂ ਉਨ੍ਹਾਂ ਨੂੰ ਵਤਨ ਵਾਪਸੀ ਲਈ ਉਡਾਣ ਮਿਲੀ। ਉਨ੍ਹਾਂ ਦੱਸਿਆ ਕਿ ਸਰਹੱਦ ’ਤੇ ਭਾਰਤੀ ਦੂਤਾਵਾਸ ਦਾ ਕੋਈ ਵੀ ਅਧਿਕਾਰੀ ਵਿਦਿਆਰਥੀਆਂ ਦੀ ਮਦਦ ਲਈ ਮੌਜੂਦ ਨਹੀਂ ਸੀ।
ਦੂਜੇ ਪਾਸੇ ਯੂਕਰੇਨ ਦੇ ਪੱਛਮੀ ਇਲਾਕੇ ’ਚ ਸਥਿਤ ਉਜ਼ਹੋਰਡ ਨੈਸ਼ਨਲ ਯੂਨੀਵਰਸਿਟੀ ਦੀ ਵਿਦਿਆਰਥਣ ਰਿਪਨਜੀਤ ਕੌਰ ਪੰਜ ਦਿਨ ਪਹਿਲਾਂ ਹੰਗਰੀ ਦੇ ਰਸਤੇ ਭਾਰਤ ਪਹੁੰਚੀ ਸੀ। ਰਿਪਨਜੀਤ ਨੂੰ ਬਹੁਤੀ ਪ੍ਰੇਸ਼ਾਨੀ ਨਹੀਂ ਝੱਲਣੀ ਪਈ। ਇਸੇ ਤਰ੍ਹਾਂ ਖਾਰਕੀਵ ’ਚ ਪੜ੍ਹਦੀ ਰਾਜਫਰੀਨ (21) ਨੇ ਦੱਸਿਆ ਕਿ ਉਹ ਜੰਗ ਛਿੜਨ ਤੋਂ ਇਕ ਦਿਨ ਪਹਿਲਾਂ ਹੀ ਭਾਰਤ ਪਹੁੰਚ ਗਈ ਸੀ ਪਰ ਉਸ ਦੇ ਦੋਸਤ ਹਾਲੇ ਵੀ ਉਥੇ ਫਸੇ ਹੋਏ ਹਨ।