ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਸਤੰਬਰ
ਪੰਜਾਬ ਸਰਕਾਰ ਨੇ ਸੂਬੇ ਵਿਚ ਕੋਵਿਡ ਮਹਾਮਾਰੀ ਨਾਲ ਮੌਤ ਦਰ ’ਚ ਵਾਧੇ ਦੀ ਚੁਣੌਤੀ ਦੇ ਮੱਦੇਨਜ਼ਰ 60 ਸਾਲ ਤੋਂ ਘੱਟ ਉਮਰ ਦੇ ਸਾਰੇ ਸੇਵਾਮੁਕਤ ਹੋ ਰਹੇ ਡਾਕਟਰਾਂ ਅਤੇ ਮਾਹਿਰਾਂ ਨੂੰ ਤਿੰਨ ਮਹੀਨੇ ਦਾ ਨੌਕਰੀ ’ਚ ਵਾਧਾ ਦੇਣ ਦਾ ਫ਼ੈਸਲਾ ਕੀਤਾ ਹੈ। ਮਹਾਮਾਰੀ ਦੀ ਵੰਗਾਰ ਨਾਲ ਨਜਿੱਠਣ ਲਈ ਟੈਕਨੀਸ਼ੀਅਨਾਂ ਅਤੇ ਲੈਬ ਅਸਿਸਟੈਂਟਾਂ ਦੀ ਭਰਤੀ ਪ੍ਰਕਿਰਿਆ ਤੇਜ਼ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ। ਮੁੱਖ ਮੰਤਰੀ ਨੇ ਅੱਜ ਕੋਵਿਡ ਸਮੀਖਿਆ ਮੀਟਿੰਗ ਵਿਚ ਬਾਕੀ ਫ਼ੈਸਲਿਆਂ ਤੋਂ ਇਲਾਵਾ ਘਰਾਂ ਵਿਚ ਇਕਾਂਤਵਾਸ ਹੋਏ ਗਰੀਬ ਮਰੀਜ਼ਾਂ ਨੂੰ ਖਾਣੇ ਦੇ ਪੈਕੇਟ ਦੇਣ ਦੀ ਹਦਾਇਤ ਕੀਤੀ ਹੈ। ਦੱਸਣਯੋਗ ਹੈ ਕਿ ਸੇਵਾਮੁਕਤੀ ਵਾਲੇ ਡਾਕਟਰਾਂ ਤੇ ਮਾਹਿਰਾਂ ਨੂੰ ਪਹਿਲਾਂ ਕੈਬਨਿਟ ਨੇ 30 ਸਤੰਬਰ ਤੱਕ ਵਾਧਾ ਦਿੱਤਾ ਜਿਸ ਨੂੰ ਅੱਜ ਮੁੱਖ ਮੰਤਰੀ ਨੇ ਹੁਣ 31 ਦਸੰਬਰ, 2020 ਤੱਕ ਵਧਾ ਦਿੱਤਾ ਹੈ।
ਵਰਚੁਅਲ ਕੋਵਿਡ ਸਮੀਖਿਆ ’ਚ ਮੁੱਖ ਮੰਤਰੀ ਨੇ ਕਿਹਾ ਕਿ ਮੈਡੀਕਲ ਸਿੱਖਿਆ ਵਿਭਾਗ ਦੁਆਰਾ ਭਰਤੀ ਦੀ ਪ੍ਰਕਿਰਿਆ ਹਾਲੇ ਬਾਕੀ ਹੈ। ਵਿੱਤ ਵਿਭਾਗ ਦੁਆਰਾ ਵਿਸ਼ੇਸ਼ ਛੋਟ ਦਿੱਤੀ ਗਈ ਹੈ ਤਾਂ ਜੋ ਇਹ ਕਾਲਜ ਹੋਰਨਾਂ ਮਨੁੱਖੀ ਵਸੀਲਿਆਂ ਤੋਂ ਸੇਵਾਵਾਂ ਲੈ ਸਕਣ। ਮੀਟਿੰਗ ਵਿਚ ਡਿਪਟੀ ਕਮਿਸ਼ਨਰਾਂ ਤਹਿਤ ਕਮੇਟੀਆਂ ਦੇ ਗਠਨ ਦੇ ਵੀ ਨਿਰਦੇਸ਼ ਦਿੱਤੇ ਗਏ ਤਾਂ ਜੋ ਘਰੇਲੂ ਇਕਾਂਤਵਾਸ/ਕੁਆਰੰਟੀਨ ਵਿਚਲੇ ਗ਼ਰੀਬ ਪਰਿਵਾਰਾਂ ਨੂੰ ਖਾਣੇ ਦੇ ਪੈਕੇਟਾਂ ਦੀ ਵੰਡ ਕੀਤੀ ਜਾ ਸਕੇ। ਇਨ੍ਹਾਂ ਪਰਿਵਾਰਾਂ ਨੂੰ ਜਾਂਚ ਕਰਵਾਉਣ ਲਈ ਉਤਸ਼ਾਹਿਤ ਕਰਨ ਲਈ ਆਖਿਆ ਗਿਆ ਹੈ। ਹਸਪਤਾਲਾਂ ਵਿੱਚ ਇਕਾਂਤਵਾਸ ਕੀਤੇ ਗੰਭੀਰ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਮਾਨਸਿਕ ਤਕਲੀਫ਼ਾਂ ਨੂੰ ਦੂਰ ਕਰਨ ਲਈ ਵਿਸ਼ੇਸ਼ ਉਪਕਰਨ ਉਪਲੱਬਧ ਕਰਵਾਏ ਜਾਣਗੇ ਤਾਂ ਜੋ ਮਰੀਜ਼ਾਂ ਅਤੇ ਅਟੈਂਡੈਂਟਾਂ ਦਰਮਿਆਨ ਵੀਡੀਓ ਕਾਲ ਰਾਹੀਂ ਗੱਲਬਾਤ ਯਕੀਨੀ ਬਣਾਈ ਜਾ ਸਕੇ।
ਮੁੱਖ ਮੰਤਰੀ ਨੇ ਸਮੂਹ ਸਰਕਾਰੀ ਲੈਬਾਂ ਨੂੰ ਆਰ.ਟੀ.-ਪੀ.ਸੀ.ਆਰ. ਦਾ ਸਾਈਕਲ ਥਰੈਸ਼ਹੋਲਡ (ਸੀ.ਟੀ.) ਮੁੱਲ ਮੁਹੱਈਆ ਕਰਵਾਉਣਾ ਸ਼ੁਰੂ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਹਨ। 40 ਸਾਲ ਦੇ ਘਰੇਲੂ ਇਕਾਂਤਵਾਸ ਵਾਲੇ ਮਰੀਜ਼ਾਂ ਦੀ ਨਿਯਮਿਤ ਰੂਪ ਨਾਲ ਨਿਗਰਾਨੀ ਲਈ ਸਿਹਤ ਵਿਭਾਗ ਨੂੰ ਇਕ ਅਜਿਹੀ ਪ੍ਰਣਾਲੀ ਅਮਲ ਵਿੱਚ ਲਿਆਉਣ ਲਈ ਕਿਹਾ ਹੈ ਜਿਸ ਨਾਲ ਅਜਿਹੇ ਮਰੀਜ਼ਾਂ ਦੇ ਇਲਾਜ ’ਤੇ ਨਿਗਰਾਨੀ ਰੱਖੀ ਜਾ ਸਕੇ ਅਤੇ ਅਚਾਨਕ ਹਾਲਤ ਵਿਗੜਨ ਦੀ ਸਥਿਤੀ ਤੋਂ ਬਚਿਆ ਜਾ ਸਕੇ। ਮੁੱਖ ਮੰਤਰੀ ਨੇ ਵਿਭਾਗਾਂ ਨੂੰ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਪਹਿਲੇ ਲੱਛਣ ਦਿਸਣ ਮੌਕੇ ਹੀ ਜਾਂਚ ਕਰਵਾਉਣ ਹਿੱਤ ਪ੍ਰੇਰਿਤ ਕਰਨ ਲਈ ਵੀ ਕਿਹਾ। ਸੂਬੇ ਵਿੱਚ 6 ਸਤੰਬਰ ਤੱਕ ਐਕਟਿਵ ਮਾਮਲਿਆਂ ਦੀ ਗਿਣਤੀ 16,156 ਹੈ ਜਿਸ ਦੀ ਕੁੱਲ ਮੌਤ ਦਰ 2.9 ਫੀਸਦੀ ਹੈ ਅਤੇ ਪ੍ਰਤੀ ਦਸ ਲੱਖ ਦੇ ਹਿਸਾਬ ਨਾਲ ਮੌਤਾਂ ਦੀ ਗਿਣਤੀ 62 ਹੈ। ਇਸ ਮੌਕੇ ਸਕੱਤਰ ਸਿਹਤ ਵਿਭਾਗ ਹੁਸਨ ਲਾਲ ਨੇ ਜਾਣਕਾਰੀ ਦਿੱਤੀ ਕਿ ਅਗਸਤ 26 ਤੋਂ 3 ਸਤੰਬਰ ਤੱਕ ਦੇ ਹਫ਼ਤੇ ਦੀ ਔਸਤਨ ਪਾਜ਼ੇਟਿਵ ਦਰ 9.42 ਫੀਸਦੀ ਹੈ। ਮੁੱਖ ਸਕੱਤਰ ਵਿਨੀ ਮਹਾਜਨ ਨੇ ਇਸ ਮੌਕੇ ਕਿਹਾ ਕਿ ਬੀਤੇ ਕੁਝ ਦਿਨਾਂ ਦੌਰਾਨ ਮਾਮਲਿਆਂ ਅਤੇ ਮੌਤਾਂ ਦੋਵਾਂ ਦੀ ਗਿਣਤੀ ਵਿੱਚ ਸਥਿਰ ਵਾਧਾ ਦੇਖਿਆ ਗਿਆ।
ਅਫ਼ਵਾਹਾਂ ਫੈਲਾਉਣ ਵਾਲੇ ਵੈੱਬ ਚੈਨਲਾਂ ਖ਼ਿਲਾਫ਼ ਕਾਰਵਾਈ ਦੇ ਹੁਕਮ
ਮੁੱਖ ਮੰਤਰੀ ਨੇ ਅੱਜ ਡੀ.ਜੀ.ਪੀ ਦਿਨਕਰ ਗੁਪਤਾ ਨੂੰ ਨਿਰਦੇਸ਼ ਦਿੱਤੇ ਹਨ ਕਿ ਮਹਾਮਾਰੀ ਬਾਰੇ ਲੋਕਾਂ ਵਿੱਚ ਅਫ਼ਵਾਹਾਂ ਫੈਲਾਉਣ ਅਤੇ ਕੋਵਿਡ ਬਾਰੇ ਝੂਠਾ ਪ੍ਰਚਾਰ ਕਰਨ ਵਾਲੇ ਵੈੱਬ ਚੈਨਲਾਂ ਉਤੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਸਰਗਰਮ ਭਾਰਤ ਵਿਰੋਧੀ ਤੱਤਾਂ ਵੱਲੋਂ ਦਿੱਤੇ ਜਾਂਦੇ ਬਿਆਨਾਂ ਦੀ ਵੀ ਨਿਗਰਾਨੀ ਕੀਤੀ ਜਾਵੇ ਅਤੇ ਅਜਿਹੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਅਜਿਹੇ ਤੱਤਾਂ ’ਤੇ ਭਾਰਤ ਵਿੱਚ ਪਾਬੰਦੀ ਲਗਾਉਣ ਦੀ ਪ੍ਰਕਿਰਿਆ ਵੀ ਅਮਲ ਵਿੱਚ ਲਿਆਂਦੀ ਜਾਵੇ। ਡੀ.ਜੀ.ਪੀ. ਨੇ ਦੱਸਿਆ ਕਿ ਪਿਛਲੇ 10 ਦਿਨਾਂ ਦੇ ਅੰਦਰ ਅਫਵਾਹਾਂ ਫੈਲਾਉਣ ਵਾਲਿਆਂ, ਗੁਮਰਾਹਕੁੰਨ ਵੀਡੀਓਜ਼ ਰਾਹੀਂ ਅੜਿੱਕੇ ਡਾਹੁਣ ਵਾਲਿਆਂ ਖ਼ਿਲਾਫ਼ 8 ਮਾਮਲੇ ਦਰਜ ਕੀਤੇ ਗਏ ਹਨ। ਹੁਣ ਤੱਕ 54 ਵਿਅਕਤੀ ਗ੍ਰਿਫ਼ਤਾਰ ਕੀਤੇ ਹਨ।
ਕੋਵਿਡ ਪਾਜ਼ੇਟਿਵ ਉਸਾਰੀ ਕਾਮਿਆਂ ਲਈ ਮੁਆਵਜ਼ੇ ਦਾ ਫ਼ੈਸਲਾ
ਚੰਡੀਗੜ੍ਹ (ਟਨਸ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੈਡੀਕਲ ਮਾਹਿਰਾਂ ਦੇ ਸੁਝਾਵਾਂ ਅਤੇ ਦਰਜਨਾਂ ਕਾਂਗਰਸੀ ਵਿਧਾਇਕਾਂ ਦੇ ਦਬਾਅ ਮਗਰੋਂ ਪੰਜਾਬ ਵਿਚ ਰਾਤਰੀ ਕਰਫ਼ਿਊ ਅਤੇ ਹਫਤਾਵਾਰੀ ਲੌਕਡਾਊਨ ’ਚ ਕੁਝ ਛੋਟਾਂ ਦੇਣ ਦਾ ਐਲਾਨ ਕੀਤਾ ਹੈ। ਪਾਜ਼ੇਟਿਵ ਆਏ ਉਸਾਰੀ ਕਾਮਿਆਂ ਦੇ ਪਰਿਵਾਰਾਂ ਨੂੰ 1500 ਰੁਪਏ ਦੀ ਮਦਦ ਦੇਣ ਅਤੇ ਦੁਕਾਨਦਾਰਾਂ ਨੂੰ ਬਿਜਲੀ ਬਿੱਲ ਅਸਲੀ ਰੀਡਿੰਗ ਦੇ ਹਿਸਾਬ ਨਾਲ ਦੇਣ ਦੀ ਪਾਵਰਕੌਮ ਨੂੰ ਹਦਾਇਤ ਕੀਤੀ ਹੈ। ਮੁੱਖ ਮੰਤਰੀ ਨੇ ਦੂਸਰੇ ਪੜਾਅ ਦੌਰਾਨ ਕਾਂਗਰਸੀ ਵਿਧਾਇਕਾਂ ਅਤੇ ਮੈਡੀਕਲ ਮਾਹਿਰਾਂ ਨਾਲ ਵਰਚੁਅਲ ਮੀਟਿੰਗ ਕੀਤੀ। ਮੁੱਖ ਮੰਤਰੀ ਨੇ ਸ਼ਹਿਰੀ ਖੇਤਰਾਂ ਵਿੱਚ ਕੁਝ ਛੋਟਾਂ ਦਾ ਐਲਾਨ ਕੀਤਾ ਜਿਨ੍ਹਾਂ ਵਿੱਚ ਸ਼ਨਿਚਰਵਾਰ ਨੂੰ ਗ਼ੈਰਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੋਲ੍ਹਣਾ ਤੇ ਸੋਮਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਰਾਤ 9 ਵਜੇ ਤੱਕ ਉਨ੍ਹਾਂ ਨੂੰ ਸਮੇਂ ਵਿੱਚ ਛੋਟ ਦੇਣਾ ਸ਼ਾਮਲ ਹੈ। ਸੋਧੇ ਗਏ ਫ਼ੈਸਲੇ ਅਨੁਸਾਰ ਸਾਰੇ ਸ਼ਹਿਰਾਂ/ਕਸਬਿਆਂ ਵਿੱਚ ਹੁਣ ਰਾਤ 9.30 ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ। ਸੋਧੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਸਾਰੇ ਦਿਨਾਂ ਦੌਰਾਨ ਰਾਤ 9 ਵਜੇ ਤੱਕ ਖੁੱਲ੍ਹੇ ਰਹਿਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਸ ਸਮੇਂ ਤੋਂ ਬਾਅਦ ਖਾਣੇ ਦੀ ਹੋਮ ਡਲਿਵਰੀ ਦੀ ਇਜਾਜ਼ਤ ਹੋਵੇਗੀ। ਮੁਹਾਲੀ ਵਿੱਚ ਗੈਰਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਦੇ ਖੋਲ੍ਹੇ ਜਾਣ ਨੂੰ ਬਾਕੀ ਟ੍ਰਾਈਸਿਟੀ ਭਾਵ ਚੰਡੀਗੜ੍ਹ ਅਤੇ ਪੰਚਕੂਲਾ ਨਾਲ ਜੋੜਿਆ ਜਾਵੇਗਾ।
ਅਮਰਿੰਦਰ ਨੇ ਮੀਟਿੰਗ ਮੌਕੇ ਦੱਸਿਆ ਕਿ ਮਾਹਿਰ ਗਰੁੱਪ ਦੇ ਮੁਖੀ ਡਾ. ਕੇ.ਕੇ. ਤਲਵਾੜ ਨੇ ਸਮੂਹ ਸਾਵਧਾਨੀਆਂ ਨਾਲ ਇਹ ਛੋਟਾਂ ਦੇਣ ਦੀ ਸਲਾਹ ਦਿੱਤੀ ਹੈ। ਮੁੱਖ ਮੰਤਰੀ ਨੇ ਦੁਕਾਨਾਂ ਬੰਦ ਰਹਿਣ ਦੇ ਬਾਵਜੂਦ ਦੁਕਾਨਦਾਰਾਂ ਦੇ ਭਾਰੀ ਬਿਜਲੀ ਬਿੱਲ ਆਉਣ ਦੀ ਸ਼ਿਕਾਇਤ ਨੂੰ ਦੇਖਦੇ ਹੋਏ ਪਾਵਰਕੌਮ ਨੂੰ ਹਦਾਇਤ ਕੀਤੀ ਕਿ ਬੀਤੇ ਵਰ੍ਹੇ ਦੀ ਔਸਤ ਦੇ ਹਿਸਾਬ ਦੀ ਥਾਂ ਅਸਲ ਰੀਡਿੰਗ ਲੈ ਕੇ ਬਿੱਲ ਭੇਜੇ ਜਾਣ।
ਵਿਧਾਇਕ ਵੰਡਣਗੇ ਖਾਣੇ ਦੇ ਪੈਕੇਟ
ਮੁੱਖ ਮੰਤਰੀ ਨੇ ਅੱਜ ਕਾਂਗਰਸੀ ਵਿਧਾਇਕਾਂ ਨੂੰ ਕਿਹਾ ਕਿ ਉਹ ਪਾਜ਼ੇਟਿਵ ਆਏ ਗ਼ਰੀਬ ਮਰੀਜ਼ਾਂ ਨੂੰ ਖਾਣੇ ਦੇ ਪੈਕੇਟ ਮੁਫ਼ਤ ਵੰਡਣ ਵਿੱਚ ਮੋਹਰੀ ਭੂਮਿਕਾ ਨਿਭਾਉਣ ਤਾਂ ਜੋ ਘਰੇਲੂ ਇਕਾਂਤਵਾਸ ਦੌਰਾਨ ਘੱਟੋ-ਘੱਟ 7-10 ਦਿਨ ਲਈ ਉਨ੍ਹਾਂ ਕੋਲ ਭਰਪੂਰ ਮਾਤਰਾ ਵਿੱਚ ਰਾਸ਼ਨ ਹੋਵੇ। ਵਿਧਾਇਕਾਂ ਦੀ ਜ਼ਿੰਮੇਵਾਰੀ ਲਾਈ ਗਈ ਹੈ ਕਿ ਉਹ ਮਹਾਮਾਰੀ ਦੌਰਾਨ ਸਮਾਜ ਵਿਰੋਧੀ ਤੱਤਾਂ ਦੇ ਪ੍ਰਚਾਰ ਦਾ ਠੋਕਵਾਂ ਜੁਆਬ ਦੇਣ ਅਤੇ ਇਸ ਲਈ ਸਰਪੰਚਾਂ ਤੇ ਵਰਕਰਾਂ ਦਾ ਸਹਿਯੋਗ ਵੀ ਲੈਣ। ਅਜਿਹੇ ਸ਼ਰਾਰਤੀ ਤੱਤਾਂ ਦੀ ਪਛਾਣ ਕਰਕੇ ਪੁਲੀਸ ਨੂੰ ਸੂਚਨਾ ਦਿੱਤੀ ਜਾਵੇ।
ਪਾਜ਼ੇਟਿਵ ਕੇਸਾਂ ਦੀ ਪਛਾਣ ਗੁਪਤ ਰਹੇਗੀ
ਕੋਵਿਡ-19 ਦੇ ਪਾਜ਼ੇਟਿਵ ਮਰੀਜ਼ਾਂ ਦੀ ਪਛਾਣ ਗੁਪਤ ਰੱਖਣ ਦੀ ਹਦਾਇਤ ਕੀਤੀ ਗਈ ਹੈ। ਸੂਚਨਾ ਸਿਰਫ਼ ਸਿਹਤ ਵਿਭਾਗ ਤੱਕ ਹੀ ਸੀਮਤ ਰਹੇਗੀ। ਸਰਕਾਰ ਕੋਵਿਡ ਦੇ ਐਕਟਿਵ ਮਰੀਜ਼ਾਂ ਨੂੰ 50,000 ਕੋਵਿਡ ਕੇਅਰ ਕਿੱਟਾਂ ਮੁਫ਼ਤ ਮੁਹੱਈਆ ਕਰਵਾਏਗੀ। ਕਿੱਟ ਵਿਚ ਇਕ ਔਕਸੀਮੀਟਰ, ਡਿਜੀਟਲ ਥਰਮਾਮੀਟਰ, ਫੇਸ ਮਾਸਕ, ਸਟੀਮਰ, ਹੈਂਡ ਸੈਨੇਟਾਈਜ਼ਰ, ਗਿਲੋਏ ਦੀਆਂ ਗੋਲੀਆਂ, ਵਿਟਾਮਿਨ ਸੀ ਤੇ ਵਿਟਾਮਿਨ ਡੀ ਦੀਆਂ ਗੋਲੀਆਂ ਸ਼ਾਮਲ ਹਨ।