ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਸਤੰਬਰ
‘ਆਪ’ ਸਰਕਾਰ ਹੁਣ ਪੰਜਾਬ ਭਰ ਦੇ ਸਰਕਾਰੀ ਕਾਲਜਾਂ ਵਿੱਚ ਸੇਵਾਮੁਕਤ ਅਧਿਆਪਕਾਂ ਨੂੰ ‘ਵਿਜ਼ਟਿੰਗ ਲੈਕਚਰਾਰ’ ਵਜੋਂ ਭਰਤੀ ਕਰੇਗੀ। ਇਹ ਫ਼ੈਸਲਾ ਸਰਕਾਰੀ ਕਾਲਜਾਂ ’ਚ ਪ੍ਰੋਫੈਸਰਾਂ ਦੀ ਘਾਟ ਦੂਰ ਕਰਨ ਲਈ ਲਿਆ ਗਿਆ ਹੈ। ਹਾਲਾਂਕਿ ਸਰਕਾਰ ਵੱਲੋਂ ਰੈਗੂਲਰ ਭਰਤੀ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ, ਪਰ ਹਾਲ ਦੀ ਘੜੀ ਵਿਜ਼ਟਿੰਗ ਲੈਕਚਰਾਰਾਂ ਨਾਲ ਕੰਮ ਸਾਰਿਆ ਜਾਵੇਗਾ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਸਿਧਾਂਤਕ ਤੌਰ ’ਤੇ ਹਰੀ ਝੰਡੀ ਦਿੱਤੀ ਗਈ ਹੈ ਤੇ ਛੇਤੀ ਹੀ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਜਾਵੇਗਾ। ਇਸ ਫ਼ੈਸਲੇ ਤਹਿਤ 400 ਸੇਵਾਮੁਕਤ ਅਧਿਆਪਕ ਰੱਖੇ ਜਾਣਗੇ ਤੇ ਇਸ ਸਬੰਧੀ ਪੰਜ ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਹੈ। ਇਨ੍ਹਾਂ ਵਿਜ਼ਟਿੰਗ ਲੈਕਚਰਾਰਜ਼ ਨੂੰ ਪੇਂਡੂ ਖੇਤਰ ’ਚ ਪ੍ਰਤੀ ਲੈਕਚਰ 850 ਤੇ ਸ਼ਹਿਰੀ ਖੇਤਰ ਵਿੱਚ 750 ਰੁਪਏ ਦਿੱਤੇ ਜਾਣਗੇ ਤੇ ਵੱਧ ਤੋਂ ਵੱਧ ਤਨਖ਼ਾਹ ਪ੍ਰਤੀ ਮਹੀਨਾ ਤੀਹ ਹਜ਼ਾਰ ਦਿੱਤੀ ਜਾਵੇਗੀ। ਪੰਜਾਬ ਵਿੱਚ ਇਸ ਵੇਲੇ ਕੁੱਲ 64 ਸਰਕਾਰੀ ਕਾਲਜ ਹਨ, ਜਿਨ੍ਹਾਂ ਵਿੱਚ 48 ਕਾਲਜ ਪੁਰਾਣੇ ਹਨ। ਸਰਕਾਰ ਵੱਲੋਂ ਖੋਲ੍ਹੇ ਗਏ 16 ਨਵੇਂ ਕਾਲਜਾਂ ਲਈ ਪੁਰਾਣੀ ਸਰਕਾਰ ਨੇ ਹਾਲੇ ਕੋਈ ਭਰਤੀ ਨਹੀਂ ਕੀਤੀ ਸੀ। ਪਿਛਲੀ ਸਰਕਾਰ ਨੇ ਸਰਕਾਰੀ ਕਾਲਜਾਂ ਲਈ ਜੋ 1158 ਅਧਿਆਪਕਾਂ ਦੀ ਰੈਗੂਲਰ ਭਰਤੀ ਦੀ ਪ੍ਰਕਿਰਿਆ ਆਰੰਭੀ ਸੀ, ਉਸ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਸਰਕਾਰੀ ਕਾਲਜਾਂ ਵਿਚ ਇਸ ਵੇਲੇ 857 ਗੈੱਸਟ ਫੈਕਲਟੀ ਅਧਿਆਪਕ ਕੰਮ ਕਰ ਰਹੇ ਹਨ।
ਭਰਤੀ ਨਿਰੋਲ ਆਰਜ਼ੀ ਹੋਵੇਗੀ: ਮੀਤ ਹੇਅਰ
ਉਚੇਰੀ ਸਿੱਖਿਆ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਕਹਿਣਾ ਹੈ ਕਿ ‘ਵਿਜ਼ਟਿੰਗ ਲੈਕਚਰਾਰਾਂ’ ਦੀ ਭਰਤੀ ਨਿਰੋਲ ਆਰਜ਼ੀ ਹੋਵੇਗੀ ਤੇ ਛੇਤੀ ਹੀ ਸਰਕਾਰ ਵੱਲੋਂ ਸਰਕਾਰੀ ਕਾਲਜਾਂ ਲਈ 550 ਰੈਗੂਲਰ ਲੈਕਚਰਾਰ ਭਰਤੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਰੈਗੂਲਰ ਭਰਤੀ ਹੋਣ ਤੱਕ ਆਰਜ਼ੀ ਤੌਰ ’ਤੇ ਸੇਵਾਮੁਕਤ ਅਧਿਆਪਕਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਗੈੱਸਟ ਫੈਕਲਟੀ ਅਧਿਆਪਕਾਂ ਦੇ ਮਾਣ ਭੱਤੇ ਵਿੱਚ ਵਾਧਾ ਕਰ ਕੇ ਸਰਕਾਰ ਨੇ ਖੜ੍ਹੋਤ ਤੋੜੀ ਹੈ।
ਮੁੱਖ ਮੰਤਰੀ ਨੇ ਅਧਿਆਪਕਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ: ਕੰਗ
ਚੰਡੀਗੜ੍ਹ (ਟਨਸ): ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਨੂੰ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਦੇ ਤਨਖ਼ਾਹ ਸਕੇਲ ਅਨੁਸਾਰ ਸੱਤਵਾਂ ਤਨਖ਼ਾਹ ਕਮਿਸ਼ਨ ਲਾਗੂ ਕਰ ਕੇ ਆਪਣਾ ਇੱਕ ਹੋਰ ਚੋਣ ਵਾਅਦਾ ਵੀ ਪੂਰਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਗੈਸਟ ਫੈਕਿਲਟੀ ਅਧਿਆਪਕਾਂ ਦੇ ਮਾਣ ਭੱਤੇ ’ਚ ਵਾਧਾ ਕਰਨ ਦਾ ਫ਼ੈਸਲਾ ਵੀ ਸ਼ਲਾਘਾਯੋਗ ਹੈ। ਅਧਿਆਪਕਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਤਨਖ਼ਾਹ ਵਧਾਉਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਪਹਿਲੀਆਂ ਸਰਕਾਰਾਂ ਨਜ਼ਰਅੰਦਾਜ਼ ਕਰ ਰਹੀਆਂ ਸਨ। ਸ੍ਰੀ ਕੰਗ ਨੇ ਕਿਹਾ ਕਿ ‘ਆਪ’ ਸਰਕਾਰ ਖਾਲੀ ਐਲਾਨ ਨਹੀਂ ਕਰਦੀ, ਸਗੋਂ ਪੰਜਾਬ ਵਿੱਚ ਠੇਕੇ ’ਤੇ ਕੰਮ ਕਰਨ ਵਾਲੇ 36,000 ਕਾਮਿਆਂ ਵਿੱਚ 8736 ਅਧਿਆਪਕ ਪੱਕਾ ਕੀਤਾ ਜਾ ਰਿਹਾ ਹੈ।