ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 10 ਜਨਵਰੀ
ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਹੁਣ ਤੱਕ ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਰਿਹਾ ਹੈ। ਪਹਿਲਾਂ ਵਿਧਾਨ ਸਭਾ ਹਲਕਾ ਕਾਹਨੂੰਵਾਨ ਹੋਣ ਸਮੇਂ ਇੱਥੋਂ 2002 ਅਤੇ 2007 ਵਿੱਚ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਜੇਤੂ ਰਹੇ ਸਨ। ਨਵੀਂ ਹਲਕਾਬੰਦੀ ਮਗਰੋਂ ਕਾਦੀਆਂ ਤੋਂ 2012 ਵਿੱਚ ਕਾਂਗਰਸ ਦੀ ਟਿਕਟ ’ਤੇ ਪ੍ਰਤਾਪ ਸਿੰਘ ਬਾਜਵਾ ਦੀ ਪਤਨੀ ਚਰਨਜੀਤ ਕੌਰ ਬਾਜਵਾ ਅਤੇ 2017 ਵਿੱਚ ਉਨ੍ਹਾਂ ਦੇ ਭਰਾ ਫਤਹਿਜੰਗ ਸਿੰਘ ਬਾਜਵਾ ਜੇਤੂ ਰਹੇ। ਕਾਂਗਰਸ ਦੇ ਵੱਡੇ ਆਗੂ, ਸਾਬਕਾ ਲੋਕ ਸਭਾ ਮੈਂਬਰ ਅਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਦੇ ਇੱਕ ਦਹਾਕਾ ਗੈਰਹਾਜ਼ਰ ਰਹਿਣ ਮਗਰੋਂ ਮੁੜ ਟਿਕਟ ਲੈਣ ਦੀ ਦਾਅਵੇਦਾਰੀ ਠੋਕਣ ਨੇ ਕਾਂਗਰਸ ਪਾਰਟੀ ਦੇ ਨਿਰਾਸ਼ ਕਾਡਰ ਵਿੱਚ ਉਤਸ਼ਾਹ ਭਰਿਆ ਹੈ। ਹਲਕੇ ਦੇ ਮੌਜੂਦਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਭਾਜਪਾ ਵਿੱਚ ਜਾਣ ਕਾਰਨ ਅਤੇ ਸਾਬਕਾ ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਛੱਡ ਅਕਾਲੀ ਦਲ ਟਕਸਾਲੀ ਅਤੇ ਫਿਰ ‘ਆਪ’ ਵਿੱਚ ਸ਼ਾਮਲ ਹੋਣ ਦੌਰਾਨ ਉਨ੍ਹਾਂ ਦੇ ਦੇਹਾਂਤ ਮਗਰੋਂ ਆਮ ਆਦਮੀ ਪਾਰਟੀ ਵੱਲੋਂ ਜਗਰੂਪ ਸਿੰਘ ਸੇਖਵਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡੇ ਕਾਰੋਬਾਰੀ ਗੁਰਇਕਬਾਲ ਸਿੰਘ ਮਾਹਲ ਨੂੰ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਾਰ ਕੇ ਦਾਅ ਖੇਡਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜਤਿੰਦਰਬੀਰ ਸਿੰਘ ਪੰਨੂ ਨੂੰ ਟਿਕਟ ਦਿੱਤੀ ਗਈ ਹੈ।
ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਵਿਕਾਸ ਕਾਰਜਾਂ ਵੱਲ ਝਾਤ ਮਾਰੀ ਜਾਵੇ ਤਾਂ ਹਲਕੇ ਦੀਆਂ ਸੜਕਾਂ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ। ਪਿੰਡਾਂ ਵਿੱਚ ਮਨਰੇਗਾ ਤਹਿਤ ਗਲੀਆਂ-ਨਾਲੀਆਂ, ਜਿਮ, ਖੇਡ ਮੈਦਾਨਾਂ ਅਤੇ ਪਾਰਕਾਂ ਦੇ ਵਿਕਾਸ ਕੰਮ ਕੁਝ ਹੱਦ ਤੱਕ ਕੀਤੇ ਗਏ ਹਨ ਪਰ ਕਾਦੀਆਂ ਵਾਸੀ ਮਾੜੀਆਂ ਸਿਹਤ ਸਹੂਲਤਾਂ, ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ, ਨਸ਼ਿਆਂ ਦੀ ਭਰਮਾਰ ਅਤੇ ਸੜਕਾਂ ਦੀ ਲੋੜੀਂਦੀ ਮੁਰੰਮਤ ਨਾ ਹੋਣ ਤੋਂ ਦੁਖੀ ਹਨ। ਹਲਕੇ ਵਿੱਚ ਕੋਈ ਵੱਡੀ ਸਨਅਤ, ਸਿੱਖਿਆ ਸੰਸਥਾ ਅਤੇ ਲੋੜੀਂਦੀਆਂ ਸਹੂਲਤਾਂ ਨਾਲ ਲੈੱਸ ਹਸਪਤਾਲ ਨਾ ਹੋਣ ਕਾਰਨ ਆਮ ਲੋਕ ਨਿਰਾਸ਼ ਹਨ। ਕੁੱਲ 154 ਪਿੰਡਾਂ ਦੀ ਸਬ-ਤਹਿਸੀਲ ਕਾਹਨੂੰਵਾਨ ਨੂੰ ਪੂਰਨ ਤਹਿਸੀਲ ਦਾ ਦਰਜਾ ਦੇਣ ਦੀ ਮੰਗ ਪੂਰਾ ਕਰਨ ਲਈ ਕਿਸੇ ਵੀ ਸਿਆਸੀ ਆਗੂ ਵੱਲੋਂ ਹਾਮੀ ਨਾ ਭਰੇ ਜਾਣ ’ਤੇ ਲੋਕ ਨਾਰਾਜ਼ ਹਨ।
ਮੌਜੂਦਾ ਵਿਧਾਇਕ ਫਤਹਿਜੰਗ ਬਾਜਵਾ ਨੇ ਕਿਹਾ ਕਿ ਹਲਕੇ ਅੰਦਰ 200 ਕਰੋੜ ਰੁਪਏ ਦੇ ਕਰਵਾਏ ਗਏ ਵਿਕਾਸ ਕਾਰਜਾਂ ਵਿੱਚ ਪਿੰਡਾਂ ਦੀਆਂ ਗਲੀਆਂ-ਨਾਲੀਆਂ, 15 ਵੱਡੇ ਅਤੇ 20 ਛੋਟੇ ਖੇਡ ਸਟੇਡੀਅਮ, ਲਗਪਗ 100 ਪਿੰਡਾਂ ਵਿੱਚ ਥਾਪਰ ਮਾਡਲ ਤਹਿਤ ਛੱਪੜਾਂ ਦਾ ਵਿਕਾਸ, ਡੇਢ ਸੌ ਦੇ ਕਰੀਬ ਪਿੰਡਾਂ ਵਿੱਚ ਓਪਨ ਜਿਮ, ਕਾਦੀਆਂ ਅਤੇ ਧਾਰੀਵਾਲ ਸ਼ਹਿਰ ਅੰਦਰ ਢਾਈ ਸੌ ਕਰੋੜ ਦੀਆਂ ਸਟਰੀਟ ਲਾਈਟਾਂ ਤੇ 70 ਕਿਲੋਮੀਟਰ ਨਵੀਆਂ ਸੜਕਾਂ ਤੋਂ ਇਲਾਵਾ 242 ਕਿਲੋਮੀਟਰ ਪੁਰਾਣੀਆਂ ਸੜਕਾਂ ਦੀ ਮੁਰੰਮਤ ਕਰਵਾਈ ਗਈ।
ਕਾਂਗਰਸੀ ਉਮੀਦਵਾਰ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਏ ਵਿਕਾਸ ਕਾਰਜ ਮੂੰਹੋਂ ਬੋਲਦੇ ਹਨ।
‘ਆਪ’ ਉਮੀਦਵਾਰ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਹਲਕੇ ਵਿੱਚ ਪਿਛਲੇ ਪੰਜ ਸਾਲਾਂ ਅੰਦਰ ਮਨਰੇਗਾ ਤਹਿਤ ਕੀਤੇ ਕੰਮਾਂ ਤੋਂ ਬਗੈਰ ਕੋਈ ਗਿਣਨਯੋਗ ਵਿਕਾਸ ਕੰਮ ਨਹੀਂ ਕੀਤਾ ਗਿਆ ਸਗੋਂ ਹਲਕੇ ਵਿੱਚ ਅਮਨ- ਕਾਨੂੰਨ ਦੀ ਵਿਵਸਥਾ ਬਦਤਰ ਹੋਣ ਕਰਨ ਦਿਨ-ਦਿਹਾੜੇ ਚੋਰੀਆਂ ਅਤੇ ਲੁੱਟਾਂ-ਖੋਹਾਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਇਕਬਾਲ ਸਿੰਘ ਮਾਹਲ ਨੇ ਦੋਸ਼ ਲਾਇਆ ਕਿ ਹਲਕੇ ਅੰਦਰ ਰਾਜਨੀਤਕ ਸਰਪ੍ਰਸਤੀ ਹੇਠ ਨਸ਼ਾ ਵੇਚਿਆ ਜਾ ਰਿਹਾ ਹੈ।
“ਸਰਕਾਰ ਨੇ ਹਲਕੇ ਵਿੱਚ 200 ਕਰੋੜ ਦੇ ਵਿਕਾਸ ਕਾਰਜ ਕਰਵਾਏ।” -ਫਤਹਿਜੰਗ ਬਾਜਵਾ, (ਤਤਕਾਲੀ ਕਾਂਗਰਸ) |
“ਹਲਕੇ ਅੰਦਰ ਰਾਜਨੀਤਕ ਸਰਪ੍ਰਸਤੀ ਹੇਠ ਨਸ਼ਾ ਵੇਚਿਆ ਜਾ ਰਿਹੈ ।” -ਗੁਰਇਕਬਾਲ ਸਿੰਘ ਮਾਹਲ, ਅਕਾਲੀ ਦਲ
|
“ਮਨਰੇਗਾ ਤਹਿਤ ਕੀਤੇ ਕੰਮਾਂ ਤੋਂ ਬਗੈਰ ਕੋਈ ਵਿਕਾਸ ਨਹੀਂ ਹੋਇਆ।” -ਜਗਰੂਪ ਸਿੰਘ ਸੇਖਵਾਂ, ‘ਆਪ’ |