ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 19 ਦਸੰਬਰ
ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਵਾਸੀ ਕਈ ਮੁਸ਼ਕਲਾਂ ਨਾਲ ਜੂਝ ਰਹੇ ਹਨ। ਇਲਾਕੇ ਦੀਆਂ ਪ੍ਰਮੁੱਖ ਸਮੱਸਿਆਵਾਂ ਵਿੱਚੋਂ ਇੱਕ ਸ਼ਹਿਰ ਦੇ ਭਗਤਾਂਵਾਲਾ ਦਾਣਾ ਮੰਡੀ ਦੇ ਨਾਲ ਲੱਗਦਾ ਕੂੜੇ ਦਾ ਡੰਪ ਹੈ, ਜੋ ਲੰਮੇ ਸਮੇਂ ਤੋਂ ਰਾਜਨੀਤੀ ਦਾ ਕੇਂਦਰ ਬਣਿਆ ਹੋਇਆ ਹੈ। ਇਲਾਕਾ ਵਾਸੀਆਂ ਵੱਲੋਂ ਕੀਤੇ ਗਏ ਸੰਘਰਸ਼ ਸਦਕਾ ਡੰਪ ਇੱਥੋਂ ਚੁੱਕੇ ਜਾਣ ਦੀ ਆਸ ਬੱਝੀ ਸੀ ਅਤੇ ਹਲਕਾ ਵਿਧਾਇਕ ਨੇ ਇਸ ਮੁੱਦੇ ’ਤੇ ਪਾਰਟੀ ਵੀ ਬਦਲ ਲਈ ਸੀ। ਇਸ ਤੋਂ ਇਲਾਵਾ ਪੁਰਾਤਨ ਤੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੇ ਵਿਕਾਸ ਦਾ ਮੁੱਦਾ ਵੀ ਭਾਰੂ ਹੈ। ਗੁਰਦੁਆਰਾ ਸ਼ਹੀਦਾਂ ਸਾਹਿਬ ਅੱਗਿਓਂ ਲੰਘਦੀ ਸੜਕ ’ਤੇ ਲੱਗਦੇ ਟਰੈਫਿਕ ਜਾਮ ਆਵਾਜਾਈ ਵਿੱਚ ਵਿਘਨ ਪਾਉਂਦੇ ਹਨ। ਇਹੀ ਹਾਲ ਹਲਕੇ ਦੀ ਪ੍ਰਮੁੱਖ ਸੜਕ ਸੁਲਤਾਨਵਿੰਡ ਰੋਡ ਦਾ ਹੈ, ਜਿੱਥੇ ਰੇਹੜੀਆਂ ਤੇ ਫੜੀਆਂ ਦੀ ਭੀੜ ਟਰੈਫਿਕ ਵਿੱਚ ਰੁਕਾਵਟ ਪਾਉਂਦੀ ਹੈ।
”ਸੁਲਤਾਨਵਿੰਡ ਵਿੱਚ 125 ਕਰੋੜ ਦੇ ਪ੍ਰਾਜੈਕਟ ਤਹਿਤ ਵਿਕਾਸ ਦੇ ਕੰੰਮ ਕਰਵਾਏ।”
-ਇੰਦਰਬੀਰ ਸਿੰਘ ਬੁਲਾਰੀਆ , ਕਾਂਗਰਸ
ਮੌਜੂਦਾ ਹਲਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ 2008 ਤੋਂ 2012 ਤੱਕ ਅਕਾਲੀ ਦਲ ਅਤੇ 2017 ਤੋਂ ਕਾਂਗਰਸ ਪਾਰਟੀ ਵੱਲੋਂ ਇਸ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ। ਬੁਲਾਰੀਆ ਨੇ ਜਿੱਥੇ ਹਲਕੇ ਦੀਆਂ ਕਲੋਨੀਆਂ ਵਿੱਚ ਮੁੱਢਲੀਆਂ ਸੁੱਖ ਸਹੂਲਤਾਂ ਪਹੁੰਚਾਉਣ ਲਈ ਗਲੀਆਂ-ਨਾਲੀਆਂ, ਸੀਵਰੇਜ, ਵਾਟਰ ਸਪਲਾਈ ਅਤੇ ਸੜਕਾਂ ’ਤੇ ਕਰੋੜਾਂ ਰੁਪਏ ਖਰਚਣ ਦਾ ਦਾਅਵਾ ਕੀਤਾ ਹੈ, ਉਥੇ ਚੱਲ ਰਹੇ ਪ੍ਰਾਜੈਕਟਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹਲਕੇ ਵਿੱਚ ਨੌਜਵਾਨਾਂ ਲਈ ਸਪੋਰਟਸ ਸੈਂਟਰ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੀ ਕੁੱਲ ਲਾਗਤ 35-40 ਕਰੋੜ ਆਉਣ ਦਾ ਅਨੁਮਾਨ ਹੈ। ਗੇਟ ਖ਼ਜ਼ਾਨਾ ਤੋਂ ਚਾਟੀਵਿੰਡ ਚੌਕ ਤੱਕ ਇਲਾਕੇ ਦੀ ਸੁੰਦਰਤਾ ਲਈ ਬਾਬਾ ਦੀਪ ਸਿੰਘ ਮਾਰਗ ਬਣ ਰਿਹਾ ਹੈ। ਬੁਲਾਰੀਆ ਨੇ ਦੱਸਿਆ ਕਿ ਹਲਕੇ ਵਿੱਚ ਪੈਂਦੇ ਪਿੰਡ ਸੁਲਤਾਨਵਿੰਡ ਵਿੱਚ 125 ਕਰੋੜ ਦੇ ਪ੍ਰਾਜੈਕਟ ਤਹਿਤ ਵਿਕਾਸ ਦੇ ਕੰੰਮ ਕਰਵਾਏ ਹਨ। ਇਸ ਤੋਂ ਇਲਾਵਾ ਤਕਰੀਬਨ 40 ਕਿਲੋਮੀਟਰ ਦੇ ਵਾਟਰ ਸਪਲਾਈ ਕੰਮ ਵੀ ਕਾਂਗਰਸ ਸਰਕਾਰ ਨੇ ਮੁਕੰਮਲ ਕਰਵਾਏ ਹਨ, ਜਿਸ ’ਤੇ 35-40 ਕਰੋੜ ਖਰਚੇ ਗਏ ਹਨ। ਕੂੜਾ ਡੰਪ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਐੱਨਜੀਟੀ ਵੱਲੋਂ ਡੰਪ ਤਬਦੀਲ ਕਰਨ ਲਈ ਇਜਾਜ਼ਤ ਨਹੀਂ ਦਿੱਤੀ ਜਾ ਰਹੀ, ਇਸ ਲਈ ਦਾਣਾ ਮੰਡੀ ਅਤੇ ਡੰਪ ਨੂੰ ਸਿੱਧਾ ਰਸਤਾ ਦੇਣ ਲਈ ਤਰਨ ਤਾਰਨ ਰੇਲਵੇ ਕਰਾਸਿੰਗ ’ਤੇ 50-60 ਕਰੋੜ ਦੀ ਲਾਗਤ ਨਾਲ ਓਵਰਬ੍ਰਿੱਜ ਬਣਾਇਆ ਜਾ ਰਿਹਾ ਹੈ। ਇਹ ਰਸਤਾ ਬਣਨ ਨਾਲ ਫ਼ਸਲ ਮੰਡੀ ਵਿੱਚ ਲਿਆਉਣ ਵਾਲੇ ਕਿਸਾਨਾਂ ਅਤੇ ਡੰਪ ਨੇੜਲੀਆਂ ਰਿਹਾਇਸ਼ੀ ਆਬਾਦੀਆਂ ਨੂੰ ਟਰੈਫਿਕ ਜਾਮ ਤੋਂ ਰਾਹਤ ਮਿਲੇਗੀ।
”50 ਸਾਲਾਂ ਤੋਂ ਹਲਕੇ ਵਿੱਚ ਨਾ ਤਾਂ ਕੋਈ ਸਕੂਲ ਬਣਿਆ ਹੈ ਅਤੇ ਨਾ ਹੀ ਡਿਸਪੈਂਸਰੀ।”
-ਇੰਦਰਬੀਰ ਸਿੰਘ ਨਿੱਝਰ, ‘ਆਪ’
ਵਿਧਾਨ ਸਭਾ ਚੋਣਾਂ 2017 ਵਿੱਚ ਇੱਥੋਂ ਦੂਜੇ ਨੰਬਰ ’ਤੇ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਸਰਕਾਰ ਬਣਨ ’ਤੇ ਉਹ ਹਲਕੇ ਵਿੱਚ ਪੀਣ ਵਾਲੇ ਸਵੱਛ ਪਾਣੀ, ਗਲੀਆਂ, ਨਾਲੀਆਂ, ਬਿਜਲੀ ਦੇ ਖੰਭੇ ਤੇ ਟਰਾਂਸਫਾਰਮਰਾਂ ਦੀ ਸਮੱਸਿਆ ਹੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪਿੰਡ ਸੁਲਤਾਨਵਿੰਡ ਦਾ ਮਾੜਾ ਹਾਲ ਹੈ। ਲੋਕਾਂ ਦੇ ਘਰਾਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਵਿੱਚ ਵੜ ਜਾਂਦਾ ਹੈ। ਡੰਪ ਦੀ ਸਮੱਸਿਆ ਜਿਉਂ ਦੀ ਤਿਉਂ ਹੈ। 50 ਸਾਲਾਂ ਤੋਂ ਹਲਕੇ ਵਿੱਚ ਨਾ ਤਾਂ ਕੋਈ ਸਕੂਲ ਬਣਿਆ ਹੈ ਅਤੇ ਨਾ ਹੀ ਡਿਸਪੈਂਸਰੀ। ਹਲਕੇ ਵਿੱਚ ਗੈਰਮਿਆਰੀ ਕੰਮ ਹੋ ਰਹੇ ਹਨ। ਇਸ ਤੋਂ ਇਲਾਵਾ ਬਣ ਰਹੇ ਬਾਬਾ ਦੀਪ ਸਿੰਘ ਮਾਰਗ ਵਿੱਚ ਵਿਧਾਇਕ ਦਾ ਕੋਈ ਰੋਲ ਨਹੀਂ, ਇਹ ਪੰਜਾਬ ਟੂਰਿਜ਼ਮ ਵੱਲੋਂ ਬਣਵਾਇਆ ਜਾ ਰਿਹਾ ਹੈ।
”ਸਾਢੇ ਚਾਰ ਸਾਲ ਕਾਂਗਰਸ ਸਰਕਾਰ ਸੁੱਤੀ ਰਹੀ ਤੇ ਹੁਣ ਉਦਘਾਟਨ ਕੀਤੇ ਜਾ ਰਹੇ ਹਨ। ”
-ਗੁਰਪ੍ਰਤਾਪ ਸਿੰਘ ਟਿੱਕਾ, ਅਕਾਲੀ ਦਲ
ਪਿਛਲੀਆਂ ਚੋਣਾਂ ’ਚ ਇੱਥੋਂ ਤੀਜੇ ਨੰਬਰ ’ਤੇ ਰਹੇੇ ਅਕਾਲੀ ਦਲ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਟਿੱਕਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 203 ਕਰੋੜ ਦਾ ਪ੍ਰਾਜੈਕਟ ਪਾਸ ਕੀਤਾ ਗਿਆ ਸੀ ਅਤੇ 30-35 ਫੀਸਦ ਕੰਮ ਕਰਵਾ ਵੀ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਸਰਕਾਰ ਬਦਲਣ ’ਤੇ ਪ੍ਰਾਜੈਕਟ ਦੇ ਕੰਮ ਰੋਕ ਦਿੱਤੇ ਗਏ, ਜਿਸ ਕਰਕੇ ਕਈ ਕੰਮ ਅਜੇ ਵੀ ਅਧੂਰੇ ਪਏ ਹਨ। ਡੰਪ ਦਾ ਮੁੱਦਾ ਹੱਲ ਨਹੀਂ ਹੋਇਆ। ਸਾਢੇ ਚਾਰ ਸਾਲ ਕਾਂਗਰਸ ਸਰਕਾਰ ਸੁੱਤੀ ਰਹੀ ਅਤੇ ਹੁਣ ਚੋਣਾਂ ਨੂੰ ਦੇਖਦਿਆਂ ਉਦਘਾਟਨ ਕੀਤੇ ਜਾ ਰਹੇ ਹਨ। ਸਰਕਾਰ ਨੇ ਘਰ-ਘਰ ਨੌਕਰੀ ਤੇ ਪੈਨਸ਼ਨਾਂ ਦਾ ਵਾਅਦਾ ਵੀ ਵਫਾ ਨਹੀਂ ਕੀਤਾ। ਵਿਧਾਇਕ ਜਿੱਤਣ ਮਗਰੋਂ ਲੋਕਾਂ ਵਿੱਚ ਨਹੀਂ ਵਿਚਰਿਆ।
ਵਿਧਾਨ ਸਭਾ ਚੋਣਾਂ 2017 ਦੇ ਨਤੀਜੇ
ਪਾਰਟੀ ਉਮੀਦਵਾਰ ਚੋਣਾਂ
ਕਾਂਗਰਸ ਇੰਦਰਬੀਰ ਸਿੰਘ ਬੁਲਾਰੀਆ 47,581
‘ਆਪ’ ਇੰਦਰਬੀਰ ਸਿੰਘ ਨਿੱਝਰ 24,923
ਅਕਾਲੀ ਦਲ ਗੁਰਪ੍ਰਤਾਪ ਸਿੰਘ ਟਿੱਕਾ 16,596