ਦੇਵਿੰਦਰ ਸਿੰਘ ਜੱਗੀ
ਪਾਇਲ, 14 ਫਰਵਰੀ
ਸੂਬੇ ਨੂੰ ਦੋ ਮੁੱਖ ਮੰਤਰੀ ਦੇਣ ਵਾਲਾ ਵਿਧਾਨ ਸਭਾ ਹਲਕਾ ਪਾਇਲ ਵਿਕਾਸ ਪੱਖੋਂ ਫਾਡੀ ਮੰਨਿਆ ਜਾ ਰਿਹਾ ਹੈ। ਇੱਥੋਂ ਗਿਆਨ ਸਿੰਘ ਰਾੜੇ ਵਾਲਾ ਅਤੇ ਬੇਅੰਤ ਸਿੰਘ ਕੋਟਲੀ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ। ਇਸੇ ਤਰ੍ਹਾਂ ਕੋਟਲੀ ਪਰਿਵਾਰ ਦੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਸਮੇਤ ਮੌਜੂਦਾ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੂੰ ਹਲਕੇ ਦੀ ਜ਼ਿੰਮੇਵਾਰੀ ਸੰਭਾਲਨ ਦਾ ਮੌਕਾ ਮਿਲਿਆ।
ਹਲਕਾ ਪਾਇਲ ਵਿੱਚ ਪੈਂਦੇ ਮੁੱਖ ਸ਼ਹਿਰਾਂ ਪਾਇਲ, ਮਲੌਦ ਤੇ ਦੋਰਾਹਾ ਵਿੱਚ ਕਰੋੜਾਂ ਦੀ ਲਾਗਤ ਨਾਲ ਲੱਗਿਆ ਸੀਵਰੇਜ ਸਿਸਟਮ ਨਾ ਚੱਲਣ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਜੂਦਾ ਸਮੇਂ ਦੌਰਾਨ ਬਾਬਾ ਸੀਹਾਂ ਸਿੰਘ ਗਿੱਲ ਸਰਕਾਰੀ ਕਾਲਜ ਸਿੱਧਸਰ ਦੀ ਹੋਂਦ ਵੀ ਖਤਰੇ ਵਿੱਚ ਹੈ, ਜਿੱਥੇ ਸਿਰਫ ਦੋ ਸਰਕਾਰੀ ਲੈਕਚਰਾਰ ਹਨ, ਜਦਕਿ ਬਾਕੀ ਪਾਰਟ ਟਾਈਮ ਲੈਕਚਰਾਰਾਂ ਨਾਲ ਕੰਮ ਚਲਾਇਆ ਜਾ ਰਿਹਾ ਹੈ। ਹਲਕਾ ਵਿਧਾਇਕ ਦਾ ਕਾਲਜ ਲਈ ਮਿਨੀ ਬੱਸ ਦਾ ਪ੍ਰਬੰਧ ਕਰ ਕੇ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਹੋਇਆ। ਹਲਕੇ ਵਿੱਚ ਪਿਛਲੇ ਦਸ ਸਾਲਾਂ ਤੋਂ ਪਾਇਲ-ਬੀਜਾ ਮੁੱਖ ਸੜਕ ਸਮੇਤ ਲਿੰਕ ਸੜਕਾਂ ਦੀ ਮੁਰੰਮਤ ਨਹੀਂ ਹੋਈ ਹੈ। ਇਸੇ ਤਰ੍ਹਾਂ ਪਾਇਲ ਅਤੇ ਮਲੌਦ ਦੇ ਸਰਕਾਰੀ ਹਸਪਤਾਲਾਂ ਵਿੱਚ ਨਾ ਤਾਂ ਡਾਕਟਰ ਹਨ ਅਤੇ ਨਾ ਹੀ ਦਵਾਈਆਂ, ਇਹ ਹਸਪਤਾਲ ਸਿਰਫ਼ ਲੜਾਈ-ਝਗੜੇ ਵਾਲਿਆਂ ਦੇ ਪਰਚੇ ਕੱਟਣ ਦੇ ਕੰਮ ਹੀ ਆ ਰਹੇ ਹਨ। ਕਬਾੜ ਅਤੇ ਨਾਜਾਇਜ਼ ਸ਼ਰਾਬ ਦੇ ਧੰਦੇ ਕਾਰਨ ਹਲਕਾ ਪਾਇਲ ਹਮੇਸ਼ਾ ਚਰਚਾ ਵਿੱਚ ਰਿਹਾ ਹੈ।
ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਚੋਣਾਂ ਦੌਰਾਨ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਰਾਹਾ ਵਿੱਚ ਹਸਪਤਾਲ ਬਣਵਾਇਆ, ਕੂੜੇ ਦਾ ਡੰਪ ਸ਼ਹਿਰ ਤੋਂ ਬਾਹਰ ਕੱਢਿਆ, 18 ਫੁੱਟੀਆਂ ਸੜਕਾਂ ਦਾ ਜਾਲ ਵਿਛਾਇਆ, ਹਲਕੇ ਵਿੱਚ 15 ਹਾਈਟੈੱਕ ਖੇਡ ਮੈਦਾਨ ਬਣਵਾਏ, 7 ਨਵੇਂ ਪੰਚਾਇਤ ਘਰ ਦਾ ਨਿਰਮਾਣ ਕਰਵਾਇਆ, ਮਲੌਦ ਵਿੱਚ ਲੜਕੇ ਅਤੇ ਲੜਕੀਆਂ ਦੇ ਸਕੂਲਾਂ ਦੀ ਇਮਾਰਤ ਸਮੇਤ ਪਾਇਲ ਲੜਕੀਆਂ ਦੇ ਸਕੂਲ ਦੀ ਇਮਾਰਤ ਬਣਵਾਈ, ਬੇਗੋਵਾਲ ਅਤੇ ਬਾਬਰਪੁਰ ਸਕੂਲ ਅੱਪਗਰੇਡ ਕਰਵਾਏ, ਵੱਖ ਵੱਖ ਪਿੰਡਾਂ ਦੇ ਗਰੀਬ ਲੋਕਾਂ ਨੂੰ ਕੱਚੇ ਮਕਾਨਾਂ ਦੀ ਮੁਰੰਮਤ ਲਈ 7.12 ਕਰੋੜ ਦੇ ਚੈੱਕ ਦਿੱਤੇ।
ਇੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਉਹ ਹਲਕਾ ਵਿਧਾਇਕ ਦੀ ਕਾਰਗੁਜ਼ਾਰੀ ’ਤੇ ਕਿੰਤੂ-ਪ੍ਰੰਤੂ ਨਹੀਂ ਕਰਨਾ ਚਾਹੁੰਦੇ ਕਿਉਂਕਿ ਲੋਕਾਂ ਨੂੰ ਅਸਲੀਅਤ ਪਤਾ ਹੈ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਸੀਵਰੇਜ ਤੇ ਸੜਕਾਂ ਦਾ ਬੁਰਾ ਹਾਲ ਹੈ। ਦੋਰਾਹਾ ਸ਼ਹਿਰ ਅੰਦਰ ਨਾ ਕੋਈ ਖੇਡ ਗਰਾਊਂਡ ਤੇ ਨਾ ਹੀ ਪਾਰਕ ਹੈ। ਹਲਕੇ ਵਿੱਚ ਮੈਡੀਕਲ ਕਾਲਜ ਲਿਆਉਣ ਦੀ ਸਹੁੰ ਖਾਣ ਵਾਲੇ ਵਿਧਾਇਕ ਕਰਮਸਰ ਰਾੜਾ ਸਾਹਿਬ ਕਾਲਜ ਦੀ ਹਾਲਤ ਦੇਖਣ, ਜਿੱਥੇ ਪੀਟੀਏ ਫੰਡ ਵਿੱਚੋਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ, ਜਦਕਿ 15 ਏਕੜ ਜ਼ਮੀਨ ਦਾ ਮਾਲੀਆ ਸਰਕਾਰ ਲੈ ਜਾਂਦੀ ਹੈ।
ਹਲਕਾ ਪਾਇਲ ਤੋਂ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਡਾ. ਜਸਪ੍ਰੀਤ ਸਿੰਘ ਬੀਜਾ ਨੇ ਕਿਹਾ ਕਿ ਹਲਕਾ ਵਿਧਾਇਕ ਦੀ ਮਾੜੀ ਕਾਰਗੁਜ਼ਾਰੀ ਕਾਰਨ ਲੋਕ ਮੁੱਢਲੀਆਂ ਸਹੂਲਤਾਂ ਤੋਂ ਸੱਖਣੇ ਹਨ। ਪਿੰਡਾਂ ਵਿੱਚ ਨਸ਼ਿਆਂ ਦਾ ਬੋਲਬਾਲਾ ਤੇ ਸੜਕੀ ਢਾਂਚੇ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਦੱਸਣ ਕਿ ਆਟਾ-ਦਾਲ ਦੇ ਨਾਲ ਚਾਹ-ਪੱਤੀ ਤੇ ਘਿਓ, ਸਮਾਰਟ ਫੋਨ ਅਤੇ ਬੇਰੁਜ਼ਗਾਰੀ ਭੱਤਾ ਕਿਸ ਨੂੰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ ਹੈ।