ਪਵਨ ਗੋਇਲ
ਭੁੱਚੋ ਮੰਡੀ, 19 ਸਤੰਬਰ
ਇੱਥੋਂ ਨੇੜਲੇ ਪਿੰਡ ਚੱਕ ਫ਼ਤਹਿ ਸਿੰਘ ਵਾਲਾ ਦੇ ਵਾਸੀਆਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਸ਼ਹੀਦ ਬਾਬਾ ਫ਼ਤਹਿ ਸਿੰਘ ਵੈੱਲਫੇਅਰ ਸੁਸਾਇਟੀ, ਭਾਕਿਯੂ ਉਗਰਾਹਾਂ ਸਮੇਤ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਵੱਡਾ ਇਕੱਠ ਕੀਤਾ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅੱਜ ਦੇ ਇਸ ਇਕੱਠ ਦੌਰਾਨ ਤਸਕਰਾਂ ਦੇ ਇੱਕ ਗਰੁੱਪ ਨੇ ਆਪਣੀ ਗਲਤੀ ਮੰਨਦਿਆਂ ਅੱਗੇ ਤੋਂ ਨਸ਼ੇ ਨਾ ਵੇਚਣ ਲਈ ਤੌਬਾ ਕੀਤੀ। ਇਸ ਤੋਂ ਪਹਿਲਾਂ ਵੀ ਦੋ ਗਰੁੱਪ ਨਸ਼ਾ ਵੇਚਣ ਦਾ ਧੰਦਾ ਛੱਡ ਚੁੱਕੇ ਹਨ। ਪਿੰਡ ਵਾਸੀਆਂ ਵੱਲੋਂ ਬਾਕੀ ਨਸ਼ਾ ਤਸਕਰ ਗਰੁੱਪਾਂ ਦਾ ਸਮਾਜਿਕ ਬਾਈਕਾਟ ਅਤੇ ਗੈਰਕਾਨੂੰਨੀ ਧੰਦਾ ਨਾ ਛੱਡਣ ’ਤੇ ਦਸ ਦਿਨਾਂ ਮਗਰੋਂ ਉਨ੍ਹਾਂ ਖ਼ਿਲਾਫ਼ ਹੋਰ ਸਖ਼ਤੀ ਕਰਨ ਦਾ ਐਲਾਨ ਕੀਤਾ। ਇਸ ਮੌਕੇ ਨਸ਼ੇੜੀ ਨੌਜਵਾਨਾਂ ਦੇ ਇਲਾਜ ਲਈ ਪਹੁੰਚੇ ਮਾਨਸਿਕ ਰੋਗਾਂ ਤੇ ਨਸ਼ਾ ਛੁਡਾਉਣ ਦੇ ਮਾਹਰ ਡਾ. ਰਾਜ ਕੁਮਾਰ ਬਾਂਸਲ ਨੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ।
ਕਿਸਾਨ ਆਗੂ ਸਿਮਰਜੀਤ ਸਿੰਘ, ਕੁਲਦੀਪ ਸਿੰਘ, ਨਰਾਇਣ ਦੱਤ, ਬੂਟਾ ਸਿੰਘ, ਤਰਕਸ਼ੀਲ ਜੱਥੇਬੰਦਕ ਮੁਖੀ ਬਲਰਾਜ ਮੌੜ ਅਤੇ ਕਹਾਣੀਕਾਰ ਅਤਰਜੀਤ ਸਿੰਘ ਨੇ ਕਿਹਾ ਕਿ ਚੱਕ ਫ਼ਤਹਿ ਸਿੰਘ ਵਾਲਾ ਵਾਂਗ ਹੋਰ ਪਿੰਡਾਂ ਵਿੱਚ ਵੀ ਅਜਿਹੀ ਜਨਤਕ ਲਹਿਰ ਖੜ੍ਹੀ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੁਲੀਸ ਅਤੇ ਸਿਆਸੀ ਗੱਠਜੋੜ ਦੀ ਸ਼ਹਿ ’ਤੇ ਨਸ਼ਾ ਵਿਕ ਰਿਹਾ ਹੈ ਪਰ ਉਹ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਨੂੰ ਨਸ਼ਾ ਮੁਕਤ ਕਰਕੇ ਹੀ ਦਮ ਲਵਾਂਗੇ।