ਪਾਲ ਸਿੰਘ ਨੌਲੀ
ਜਲੰਧਰ, 24 ਦਸੰਬਰ
ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਸੈਂਟਰਲ ਟਾਊਨ ਇਲਾਕਾ ਆਉਂਦਾ ਹੈ। ਇਸ ਇਲਾਕੇ ਵਿੱਚ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਆਉਂਦਾ ਹੈ, ਜਿਹੜਾ ਕਦੇ ਸਿੱਖ ਸਿਆਸਤ ਦਾ ਕੇਂਦਰੀ ਧੁਰਾ ਹੁੰਦਾ ਸੀ। ਇਸ ਹਲਕੇ ਵਿੱਚ ਸ਼ਹਿਰ ਦੀ ਸਭ ਤੋਂ ਪੁਰਾਣੀ ਦਾਣਾ ਮੰਡੀ ਆਉਂਦੀ ਹੈ ਤੇ ਇੱਥੇ ਫਿਲਮਾਂ ਦੇ ਡਿਸਟੀਬਿਊਟਰਾਂ ਦੇ ਦਫ਼ਤਰ ਵੀ ਸਨ। ਇਥੋਂ ਭਾਜਪਾ ਤੇ ਕਾਂਗਰਸ ਦੇ ਉਮੀਦਵਾਰ ਜਿੱਤਦੇ ਆਏ ਹਨ। ਇਸ ਵੇਲੇ ਹਲਕੇ ਦੀ ਨੁਮਾਇੰਦਗੀ ਕਾਂਗਰਸੀ ਉਮੀਦਵਾਰ ਰਾਜਿੰਦਰ ਬੇਰੀ ਕਰ ਰਹੇ ਹਨ। ਭਾਜਪਾ ਆਗੂ ਮਨੋਰੰਜਨ ਕਾਲੀਆ ਤੇ ਰਾਜਿੰਦਰ ਬੇਰੀ ਸੈਂਟਰਲ ਟਾਊਨ ਇਲਾਕੇ ਵਿੱਚ ਹੀ ਰਹਿੰਦੇ ਹਨ।
ਹਲਕੇ ਦੇ ਕਾਜ਼ੀ ਮੰਡੀ ਇਲਾਕੇ ਵਿੱਚ ਨਸ਼ਿਆਂ ਦਾ ਵੱਡੇ ਪੱਧਰ ’ਤੇ ਗੋਰਖਧੰਦਾ ਚੱਲਦਾ ਹੈ। ਇਸ ਧੰਦੇ ਵਿੱਚ ਕਈ ਔਰਤਾਂ ਵੀ ਸ਼ਾਮਲ ਹਨ। ਇਸ ਹਲਕੇ ਦੇ ਲੋਕ ਸੀਵਰੇਜ, ਸਟਰੀਟ ਲਾਈਟਾਂ, ਸੜਕਾਂ ਦੀ ਸਮੱਸਿਆਵਾਂ ਨਾਲ ਜੂਝਦੇ ਰਹਿੰਦੇ ਹਨ। ਲੋਕ ਦਕੋਹਾ ਰੇਲਵੇ ਫਾਟਕ ਅਤੇ ਨਾਨਕਪੁਰਾ ਰੇਲਵੇ ਲਾਈਨਾਂ ’ਤੇ ਪੁਲ ਬਣਾਉਣ ਦੀ ਕਾਫ਼ੀ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਨ ਪਰ ਅਜੇ ਤੱਕ ਨਹੀਂ ਬਣਿਆ। ਚੁਗਿੱਟੀ ਤੋਂ ਲੱਧੇਵਾਲੀ ਨੂੰ ਜਾਂਦਿਆਂ ਕੋਟ ਰਾਮਦਾਸ ਅਬਾਦੀ ਨੇੜੇ ਜੰਮੂ ਤੇ ਪਠਾਨਕੋਟ ਨੂੰ ਜਾਣ ਵਾਲੀ ਰੇਲਵੇ ਲਾਈਨ ’ਤੇ ਫਲਾਈਓਵਰ ਤਾਂ ਬਣ ਰਿਹਾ ਹੈ ਪਰ ਉਹ ਛੋਟੇ ਦੁਕਾਨਦਾਰਾਂ ਦਾ ਵੱਡਾ ਨੁਕਸਾਨ ਕਰ ਰਿਹਾ ਹੈ। ਮੱਠੀ ਚਾਲ ਚਲ ਰਹੇ ਇਸ ਪੁਲ ਦੇ ਨਿਰਮਾਣ ਕਾਰਜ ਕਾਰਨ ਰੋਜ਼ਾਨਾ ਰਾਹਗੀਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਮੌਜੂਦਾ ਵਿਧਾਇਕ ਦੀ ਸ਼ਹਿ ਨਾਲ ਹੀ ਚੁਗਿੱਟੀ ਚੌਕ ਵਿੱਚ ਕੂੜੇ ਦਾ ਡੰਪ ਬਣਿਆ ਹੈ।
ਕਈ ਵਾਰ ਉਨ੍ਹਾਂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਪਰ ਕੋਈ ਇਸ ’ਤੇ ਕੋਈ ਕਾਰਵਾਈ ਨਹੀਂ ਹੋਈ ਸਗੋਂ ਉਥੇ ਲੋਹੇ ਦੇ ਪੱਕਾ ਡੰਪ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਚੁਗਿੱਟੀ ਫਲਾਈਓਵਰ ਦੇ ਹੇਠਾਂ ਖੱਬੇ ਪਾਸੇ ਪੀਏਪੀ ਨੂੰ ਜਾਣ ਲੱਗਿਆ ਲੱਗੇ ਕੂੜੇ ਦੇ ਵੱਡੇ ਢੇਰਾਂ ਕਾਰਨ ਲੋਕ ਬਹੁਤ ਪ੍ਰੇਸ਼ਾਨ ਹਨ। ਸੂਰਿਆ ਐਨਕਲੇਵ ਵਿੱਚ ਸੀਵਰੇਜ ਲੀਕ ਹੋਣ ਕਾਰਨ ਕਈ-ਕਈ ਮਹੀਨੇ ਉਸ ਸਮੱਸਿਆ ਨੂੰ ਠੀਕ ਕਰਦਿਆਂ ਲੰਘ ਜਾਂਦੇ ਹਨ।
ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਇਲਾਕੇ ਵਿੱਚ ਵਿਕਾਸ ਦਾ ਕੋਈ ਕੰਮ ਨਹੀਂ ਹੋਇਆ। ਦਕੋਹਾ ਤੇ ਧੰਨੋਵਾਲੀ ਵਿੱਚ ਰੇਲਵੇ ਅੰਡਰਪਾਥ ਨਹੀਂ ਬਣੇ। ਲੱਧੇਵਾਲੀ ਸੜਕ ’ਤੇ ਜਿਹੜਾ ਪੁਲ ਬਣ ਰਿਹਾ ਹੈ, ਉਹ ਪੰਜਾਬ ਸਰਕਾਰ ਦਾ ਪੀਡਬਲਯੂਡੀ ਵਿਭਾਗ ਬਣਾ ਰਿਹਾ ਹੈ ਤੇ ਕੁਝ ਹਿੱਸਾ ਕੇਂਦਰੀ ਰੇਲਵੇ ਵਿਭਾਗ ਕੋਲ ਹੈ। ਉਥੇ ਦੁਕਾਨਦਾਰ ਪੁਲ ਦੇ ਡਿਜ਼ਾਈਨ ਤੋਂ ਔਖੇ ਹਨ, ਜਿਹੜਾ ਕਿ ਲੋਕਾਂ ਦੀ ਸਹੂਲਤ ਮੁਤਾਬਕ ਨਹੀਂ ਹੈ। ਸ਼ਹਿਰ ਵਿੱਚ ਸੀਵਰੇਜ ਦਾ ਬੁਰਾ ਹਾਲ ਹੈ। ਹਲਕੇ ਵਿੱਚ ਟੁੱਟੀਆਂ ਸੜਕਾਂ ਉਸੇ ਤਰ੍ਹਾਂ ਹਨ। ਆਵਾਰਾ ਕੁੱਤਿਆਂ ਦੀ ਵੱਡੀ ਸਮੱਸਿਆ ਹੈ, ਜਿਹੜੀ ਕਿ ਕਾਂਗਰਸ ਸਰਕਾਰ ਕੋਲੋਂ ਹੱਲ ਨਹੀਂ ਹੋ ਰਹੀ। ਕਾਜ਼ੀ ਮੰਡੀ ਸਮੇਤ ਹੋਰ ਕਈ ਇਲਾਕਿਆਂ ਵਿਚ ਸ਼ਰ੍ਹੇਆਮ ਨਸ਼ਾ ਵਿਕ ਰਿਹਾ ਹੈ।
‘ਆਪ’ ਦੇ 2017 ਵਿੱਚ ਉਮੀਦਵਾਰ ਰਹੇ ਡਾ. ਸੰਜੀਵ ਸ਼ਰਮਾ ਨੇ ਦੱਸਿਆ ਕਿ ਇਸ ਹਲਕੇ ਤੋਂ ਕਾਂਗਰਸ ਤੇ ਭਾਜਪਾ ਹੀ ਜਿੱਤਦੀ ਆ ਰਹੀ ਹੈ ਤੇ ਪਿਛਲੇ 15 ਸਾਲਾਂ ਤੋਂ ਹਾਲਾਤ ਵਿਗੜਦੇ ਜਾ ਰਹੇ ਹਨ। ਕਹਿਣ ਨੂੰ ਤਾਂ ਇਹ ਸਮਾਰਟ ਸਿਟੀ ਹੈ ਪਰ ਇਹ ਜਲੰਧਰ ਦਾ ਸਭ ਤੋਂ ਪੱਛੜਿਆ ਇਲਾਕਾ ਬਣ ਗਿਆ ਹੈ ਜਿਸ ਦੇ ਕਾਜ਼ੀ ਮੰਡੀ ਇਲਾਕੇ ਵਿਚ ਨਸ਼ਿਆਂ ਦਾ ਕਾਰੋਬਾਰ ਧੜੱਲੇ ਨਾਲ ਚੱਲਦਾ ਹੈ।
ਕਾਂਗਰਸ ਦੇ ਵਿਧਾਇਕ ਰਾਜਿੰਦਰ ਬੇਰੀ ਨੇ ਕਿਹਾ ਕਿ ਕਾਂਗਰਸ ਵੱਲੋਂ ਕੀਤੇ ਗਏ ਬਹੁਤ ਸਾਰੇ ਵਾਅਦੇ ਪੂਰੇ ਕਰ ਦਿੱਤੇ ਗਏ ਹਨ।
ਹਲਕੇ ਵਿੱਚ ਨਵੀਆਂ ਸੜਕਾਂ ਤੇ ਸੀਵਰੇਜ ਪਾਇਆ ਗਿਆ ਹੈ। ਮਕਸੂਦਾਂ ਸਬਜ਼ੀ ਮੰਡੀ ਨੂੰ ਜਾਣ ਵਾਲੀ ਸੜਕ ਕੰਕਰੀਟ ਦੀ ਬਣ ਗਈ ਹੈ। ਲਾਡੋਵਾਲੀ ਰੋਡ ’ਤੇ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰ ਦਿੱਤਾ ਗਿਆ ਹੈ।
-ਰਾਜਿੰਦਰ ਬੇਰੀ, ਕਾਂਗਰਸ
<!–
<!–
–>
-ਮਨੋਰੰਜਨ ਕਾਲੀਆ, ਭਾਜਪਾ
<!–
<!–
–>
ਕਾਜ਼ੀ ਮੰਡੀ ਇਲਾਕੇ ’ਚ ਧੜੱਲੇ ਨਾਲ ਚੱਲ ਰਿਹਾ ਹੈ ਨਸ਼ਿਆਂ ਦਾ ਕਾਰੋਬਾਰ।
-ਡਾ. ਸੰਜੀਵ ਸ਼ਰਮਾ, ‘ਆਪ’
<!–
<!–
–>