ਬਲਵਿੰਦਰ ਰੈਤ
ਨੂਰਪੁਰ ਬੇਦੀ, 10 ਅਗਸਤ
ਅੱਜ ਬਲਾਕ ਨੂਰਪੁਰ ਬੇਦੀ ਦੇ ਪਿੰਡ ਬੂਥਗੜ੍ਹ ਵਿੱਚ ਸੀਟੂ, ਕੁਲ ਹਿੰਦ ਖੇਤ ਮਜ਼ਦੂਰ ਤੇ ਕੁੱਲ ਹਿੰਦ ਕਿਸਾਨ ਸਭਾ ਦੀ ਮੀਟਿੰਗ ਹੋਈ, ਜਿਸ ਵਿੱਚ ਪਿੰਡ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ-ਚਰਚਾ ਕੀਤੀ ਗਈ। ਪਿੰਡ ਦੇ ਸਾਬਕਾ ਸਰਪੰਚ ਜੀਤ ਰਾਮ ਤੇ ਪਵਨ ਕੁਮਾਰ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਨੂੰ ਪੀਣ ਵਾਲੇ ਪਾਣੀ ਦੀ ਕਾਫੀ ਲੰਮੇ ਸਮੇਂ ਤੋਂ ਬਹੁਤ ਸਮੱਸਿਆ ਆ ਰਹੀ ਹੈ। ਪਿੰਡ ਵਾਸੀ ਖੇਤਾਂ ਵਾਲੇ ਬੋਰਾਂ ਤੋਂ ਟੈਂਕਰ ਅਤੇ ਘੜੇ ਭਰ ਕੇ ਪਾਣੀ ਲਿਆਂਦੇ ਹਨ। ਪਸ਼ੂਆਂ ਨੂੰ ਪਾਣੀ ਪਿਲਾਉਣ ਮੌਕੇ ਵੀ ਬਹੁਤ ਦਿੱਕਤ ਆਉਂਦੀ ਹੈ। ਇਸ ਮਸਲੇ ਸਬੰਧੀ ਕਾਮਰੇਡ ਮਹਾ ਸਿੰਘ ਰੌੜੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 74 ਸਾਲ ਬੀਤਣ ਤੋਂ ਬਾਅਦ ਵੀ ਪਿੰਡ ਬੂਥਗੜ੍ਹ ਦੇ ਲੋਕ ਪੀਣ ਵਾੇ ਪਾਣੀ ਦੀ ਸਹੂਲਤ ਤੋਂ ਵਾਂਝੇ ਹਨ। ਉਨ੍ਹਾਂ ਮੰਗ ਕੀਤੀ ਕਿ ਪਾਣੀ ਦੀ ਸਮੱਸਿਆ ਛੇਤੀ ਤੋਂ ਛੇਤੀ ਹੱਲ ਕੀਤੀ ਜਾਵੇ, ਨਹੀਂ ਤਾਂ ਪੂਰਾ ਪਿੰਡ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ। ਇਸ ਮੌਕੇ ਕਾਮਰੇਡ ਗੀਤਾ ਰਾਮ ਕਰਤਾਰਪੁਰ, ਕਾਮਰੇਡ ਭਜਨ ਸਿੰਘ ਸੰਦੋਆ, ਪ੍ਰੇਮ ਜੱਟਪੁਰ, ਗੁਰਨਾਮ ਦਾਸ ਅਸਮਾਨਪੁਰ, ਜਸਪਾਲ ਸਿੰਘ, ਕਮਲ ਦੇ ਜਸਵੰਤ ਸਿੰਘ, ਮਹਿੰਦਰੋ ਦੇਵੀ, ਮੀਨਾ ਰਾਣੀ, ਮਹਿੰਦਰ ਸਿੰਘ, ਸੋਮਾ ਦੇਵੀ, ਛਿੰਦੋ, ਪੂਨਮ ਤੇ ਦਰਸ਼ਨ ਸਿੰਘ ਹਾਜ਼ਰ ਸਨ।