ਚੰਡੀਗੜ੍ਹ, 7 ਸਤੰਬਰ
ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਕਿਸਾਨਾਂ ਤੇ ਨੌਜਵਾਨਾਂ ਵੱਲੋਂ ਗਈ ਟਰੈਕਟਰ ਰੈਲੀ ਮਗਰੋਂ ਗ੍ਰਿਫ਼ਤਾਰ ਕੀਤੇ ਕਿਸਾਨਾਂ ਤੇ ਨੌਜਵਾਨਾਂ ਉੱਤੇ ਤਿਹਾੜ ਜੇਲ੍ਹ ਵਿੱਚ ਕੀਤੀਆਂ ਗਈਆਂ ਵਧੀਕੀਆਂ ਦੀ ਰਿਪੋਰਟ ਅੱਜ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਸੌਂਪ ਦਿੱਤੀ ਗਈ ਹੈ। ਇਸ ਰਿਪੋਰਟ ਨੂੰ ਤਿਆਰ ਕਰਨ ਵਾਸਤੇ ਸਪੀਕਰ ਰਾਣਾ ਕੇਪੀ ਸਿੰਘ ਵੱਲੋਂ ਪੰਜ ਵਿਧਾਇਕਾਂ ਦਾ ਪੈਨਲ ਬਣਾਇਆ ਗਿਆ ਸੀ। ਇਸ ਪੈਨਲ ਵਿੱਚ ਵਿਧਾਇਕ ਕੁਲਦੀਪ ਸਿੰਘ ਵੈਦ (ਚੇਅਰਮੈਨ), ਕੁਲਬੀਰ ਸਿੰਘ ਜ਼ੀਰਾ, ਫਤਹਿਜੰਗ ਸਿੰਘ ਬਾਜਵਾ, ਸਰਬਜੀਤ ਕੌਰ ਮਾਨੂੰਕੇ ਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਸ਼ਾਮਲ ਸਨ। ਕਮੇਟੀ ਮੈਂਬਰਾਂ ਨੇ ਲੁਧਿਆਣਾ, ਮੋਗਾ, ਬਠਿੰਡਾ, ਸੰਗਰੂਰ, ਮਾਨਸਾ ਨਵਾਂਸ਼ਹਿਰ, ਜਲੰਧਰ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਦਾ ਦੌਰਾ ਕੀਤਾ ਤੇ ਪੀੜਤ ਕਿਸਾਨਾਂ ਤੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ। ਇਸੇ ਦੌਰਾਨ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਇਹ ਰਿਪੋਰਟ ਅਗਲੀ ਕਾਰਵਾਈ ਲਈ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ ਤਾਂ ਕਿ ਪੀੜਤਾਂ ਨੂੰ ਇਨਸਾਫ ਮਿਲ ਸਕੇ। -ਪੀਟੀਆਈ