ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਜੁਲਾਈ
ਪੰਜਾਬ ਮਿਉਂਸਿਪਲ ਵਰਕਰਜ਼ ਯੂਨੀਅਨ ਤੇ ਰਿਟਾਇਰਡ ਮਿਉਂਸਿਪਲ ਵਰਕਰਜ਼ ਯੂਨੀਅਨ ਦਾ ਸਾਂਝਾ ਵਫਦ ਅੱਜ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੂੰ ਮਿਉਂਸਿਪਲ ਭਵਨ ਵਿਚ ਮਿਲਿਆ। ਅਮਨਦੀਪ ਸਿੰਘ ਜ਼ੀਰਾ ਤੇ ਭੋਲਾ ਸਿੰਘ ਬਠਿੰਡਾ ਦੀ ਅਗਵਾਈ ਹੇਠ ਮਿਲੇ ਵਫਦ ਨੇ ਮੰਗ ਕੀਤੀ ਕਿ ਸੂਬੇ ਦੇ ਮੌਜੂਦਾ ਮਿਉਂਸਿਪਲ ਤੇ ਸਾਬਕਾ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰ ਕੇ ਫੌਰੀ ਲਾਗੂ ਕੀਤਾ ਜਾਵੇ। ਉਨ੍ਹਾਂ ਮੰਤਰੀ ਕੋਲੋਂ ਮੰਗ ਕੀਤੀ ਕਿ ਕੰਟਰੈਕਟ ਤੇ ਆਊਟਸੋਰਸ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ, ਪਿਛਲੇ ਸਮੇਂ ਪਦਉਨਤ ਹੋਏ ਇੰਸਪੈਕਟਰਾਂ ਨੂੰ ਤਰੱਕੀ ਦੀ ਮਿਤੀ ਤੋਂ ਗਰੇਡ ਪੇਅ ਦੇਣ, ਸੇਵਾਮੁਕਤ ਹੋਣ ਵਾਲੇ ਮੁਲਾਜ਼ਮਾਂ ਨੂੰ 15 ਦਿਨਾਂ ਅੰਦਰ ਇਤਰਾਜ਼ ਨਹੀਂ ਸਰਟੀਫਿਕੇਟ ਜਾਰੀ ਕਰਨ, ਮੁਲਾਜ਼ਮਾਂ ਦੀ ਪੈਨਸ਼ਨ ਰਿਵਾਇਜ਼ ਕਰਨ, ਸੇਵਾਮੁਕਤ ਮੁਲਾਜ਼ਮਾਂ ਦੇ ਬਕਾਏ ਦਿੱਤੇ ਜਾਣ। ਇਸ ਤੋਂ ਇਲਾਵਾ ਨਵੀਂ ਪੈਨਸ਼ਨ ਸਕੀਮ ਬੰਦ ਕਰ ਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਗਰੈਚੁਟੀ ਤੇ ਲੀਵ ਇਨਕੈਸ਼ਮੈਂਟ ਨਵੇਂ ਸਕੇਲਾਂ ਅਨੁਸਾਰ 20 ਲੱਖ ਰੁਪਏ ਤਕ ਦੇਣ ਲਈ ਪੱਤਰ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਏਡੀਸੀ (ਯੂਡੀ) ਦਫ਼ਤਰਾਂ ਵਿਚ ਸਟਾਫ ਦੀ ਘਾਟ ਪੂਰੀ ਕੀਤੀ ਜਾਵੇ। ਕੈਬਨਿਟ ਮੰਤਰੀ ਨੇ ਜਲਦੀ ਹੀ ਇਨ੍ਹਾਂ ਮੰਗਾਂ ’ਤੇ ਗੱਲਬਾਤ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਚੇਅਰਮੈਨ ਜਨਕ ਰਾਜ ਮਾਨਸਾ, ਜਨਰਲ ਸਕੱਤਰ ਟੇਕ ਚੰਦ ਮਲੋਟ, ਧਰਮਿੰਦਰ ਬਾਂਡਾ, ਜਤਿੰਦਰ ਕੁਮਾਰ ਫਰੀਦਕੋਟ, ਪਰਮਜੀਤ ਸਿੰਘ ਬਾਘਾਪੁਰਾਣਾ, ਸਤਨਾਮ ਸਿੰਘ ਸ਼ਾਹਕੋਟ, ਸਤਪਾਲ ਸਿੰਘ ਬਧਨੀ ਕਲਾਂ, ਤਾਰਾ ਸਿੰਘ ਗੁਰਾਇਆ, ਰਾਜਿੰਦਰ ਕੁਮਾਰ ਸ਼ਾਹਕੋਟ ਮੌਜੂਦ ਸਨ। ਇਹ ਜਾਣਕਾਰੀ ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਸ਼ਾਹਕੋਟ ਨੇ ਦਿੱਤੀ।