ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਜੂਨ
ਪੰਜਾਬ ਭਰ ਦੇ ਆਇਲੈਟਸ ਕੋਚਿੰਗ ਇੰਸਟੀਚਿਊਟਸ ਦੇ ਵੱਖ-ਵੱਖ ਨੁਮਾਇੰਦਿਆਂ ਨੇ ਅੱਜ ਇਥੇ ਐੱਨਆਰਆਈ ਮਾਮਲਿਆਂ ਸਬੰਧੀ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮਿਲ ਕੇ ਮੰਗ ਕੀਤੀ ਕਿ ਜਿਵੇਂ ਪੰਜਾਬ ਸਰਕਾਰ ਵੱਲੋਂ ਕੋਵਿਡ ਲੌਕਡਾਊਨ ਤੋਂ ਬਾਅਦ ਅਨਲੌਕ ਪ੍ਰਕਿਰਿਆ ਰਾਹੀਂ ਪਾਬੰਦੀਆਂ ਵਿੱਚ ਢਿੱਲ ਦੇ ਕੇ ਵੱਖ-ਵੱਖ ਕਾਰੋਬਾਰਾਂ ਨੂੰ ਖੋਲ੍ਹਿਆ ਜਾ ਰਿਹਾ ਹੈ, ਉਸ ਤਹਿਤ ਆਇਲੈਟਸ ਇੰਸਟੀਚਿਊਟਸ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਗ੍ਰੇਅ ਮੈਟਰਜ਼ ਦੀ ਮੈਨੇਜਿੰਗ ਡਾਇਰੈਕਟਰ ਸੋਨੀਆ ਧਵਨ ਦੀ ਅਗਵਾਈ ਹੇਠਲੇ ਇਸ ਵਫ਼ਦ ਵਿੱਚ ਅਵਤਾਰ ਸਿੰਘ, ਨਵਨੀਤ ਸਿੰਘ, ਜਤਿੰਦਰ ਸਿੰਘ, ਮਿਤੇਸ਼ ਮਲਹੋਤਰਾ ਅਤੇ ਹੋਰ ਆਗੂ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਹੋਰ ਕਾਰੋਬਾਰਾਂ ਨੂੰ ਖੋਲ੍ਹਣ ਦੇ ਬਾਵਜੂਦ ਆਈਲੈਟਸ ਕੋਚਿੰਗ ਇੰਸਟੀਚਿਊਟਸ ਨੂੰ ਨਾ ਖੋਲ੍ਹਣ ਦਾ ਪੰਜਾਬ ਸਰਕਾਰ ਦਾ ਫ਼ੈਸਲਾ ਸਮਝ ਤੋਂ ਬਾਹਰ ਹੈ ਅਤੇ ਇਸ ਕਾਰਨ ਉਨ੍ਹਾਂ ਦੇ ਕਾਰੋਬਾਰ ਨੂੰ ਭਾਰੀ ਨੁਕਸਾਨ ਪੁੱਜ ਰਿਹਾ ਹੈ।
ਇਮੀਗ੍ਰੇਸ਼ਨ ਕੰਸਲਟੈਂਟਸ ਦੇ ਵਫ਼ਦ ਵੱਲੋਂ ਮੰਗ ਪੱਤਰ
ਚੰਡੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਦੇ ਲਾਇਸੈਂਸਸ਼ੁਦਾ ਇਮੀਗ੍ਰੇਸ਼ਨ ਅਤੇ ਐਜੂਕੇਸ਼ਨ ਕੰਸਲਟੈਂਟਸ ਦੀ ਐਸੋਸੀਏਸ਼ਨ (ਏਐਲਆਈਈਸੀ) ਦਾ ਵਫ਼ਦ ਅੱਜ ਮੁੱਖ ਮੰਤਰੀ ਪੰਜਾਬ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦੇਣ ਲਈ ਉਨ੍ਹਾਂ ਦੀ ਰਿਹਾਇਸ਼ ’ਤੇ ਪੁੱਜਿਆ। ਇੱਥੇ ਉਨ੍ਹਾਂ ਦੀ ਮੁਲਾਕਾਤ ਓਐੱਸਡੀ ਸੰਦੀਪ ਸਿੰਘ ਬਰਾੜ ਨਾਲ ਹੋਈ। ਬਰਾੜ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਐਸੋਸੀਏਸ਼ਨ ਦੀਆਂ ਮੰਗਾਂ ਉਤੇ ਵਿਚਾਰ ਕੀਤਾ ਜਾਵੇਗਾ। ਵਫ਼ਦ ਵਿੱਚ ਸ਼ਾਮਲ ਪ੍ਰਧਾਨ ਜਤਿੰਦਰ ਬੈਨੀਪਾਲ, ਚੀਫ਼ ਪੈਟਰਨ ਜਸਵੀਰ ਸਿੰਘ, ਚੇਅਰਮੈਨ ਕੈਪਟਨ ਐਸਪੀ ਸਿੰਘ, ਜਨਰਲ ਸਕੱਤਰ ਤਰੁਣਪਾਲ ਸਿੰਘ ਨੇ ਦੱਸਿਆ ਕਿ ਤਾਲਾਬੰਦੀ ਕਾਰਨ ਲਾਈਸੈਂਸਸ਼ੁਦਾ ਟਰੈਵਲ ਕੰਸਲਟੈਂਟਾਂ ਦੇ ਕੰਮ ਵੀ ਠੱਪ ਪਏ ਹਨ। ਉਨ੍ਹਾਂ ਅਪੀਲ ਕੀਤੀ ਕਿ ਟਰੈਵਲ ਏਜੰਟਾਂ ਦੇ ਲਾਈਸੈਂਸਾਂ ਦੇ ਨਵੀਨੀਕਰਨ ਦੇ ਸਮੇਂ ਵਿੱਚ ਡੇਢ ਸਾਲ ਦੀ ਮਿਆਦ ਵਧਾਈ ਜਾਵੇ।