ਜਗਜੀਤ ਸਿੰਘ
ਮੁਕੇਰੀਆਂ, 15 ਸਤੰਬਰ
ਇਥੇ ਜੰਗਲਾਤ ਵਿਭਾਗ ਵੱਲੋਂ ਕਥਿਤ ਨਾਜਾਇਜ਼ ਕਬਜ਼ਾਕਾਰਾਂ ਕੋਲੋਂ ਛੁਡਾਈ ਮਹਿਤਾਬਪੁਰ ਪਿੰਡ ਅਧੀਨ ਬਿਆਸ ਦਰਿਆ ਦੇ ਕਿਨਾਰੇ ਪੈਂਦੀ ਤਕਰੀਬਨ 300 ਏਕੜ ਤੋਂ ਵੱਧ ਵਿਭਾਗੀ ਜ਼ਮੀਨ ’ਚੋਂ ਤਕਰੀਬਨ 55 ਏਕੜ ਜ਼ਮੀਨ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾਂ (ਉਗਰਾਹਾਂ) ਦੀ ਅਗਵਾਈ ’ਚ ਕਿਸਾਨਾਂ ਨੇ ਮੁੜ ਕਬਜ਼ਾ ਕਰ ਕੇ ਸਰ੍ਹੋਂ ਦੀ ਫ਼ਸਲ ਬੀਜ ਦਿੱਤੀ ਹੈ। ਮੌਕੇ ’ਤੇ ਪੁੱਜੀ ਮੁਕੇਰੀਆਂ ਪੁਲੀਸ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਧਰਨਕਾਰੀਆਂ ਨੇ ਧੁੱਸੀ ਬੰਨ੍ਹ ’ਤੇ ਲਗਾਏ ਧਰਨੇ ਤੋਂ ਅੱਗੇ ਨਾ ਜਾਣ ਦਿੱਤਾ ਅਤੇ ਕਬਜ਼ੇ ਵਾਲੀ ਜ਼ਮੀਨ ਵੱਲ ਜਾਂਦੇ ਸਾਰੇ ਰਸਤਿਆਂ ’ਤੇ ਵੀ ਆਪਣੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ। ਦੇਰ ਸ਼ਾਮ ਕਰੀਬ 5 ਵਜੇ ਜੰਗਲਾਤ ਵਿਭਾਗ ਤੇ ਮੁਕੇਰੀਆਂ ਪੁਲੀਸ ਵੱਲੋਂ ਧਰਨਾਕਾਰੀਆਂ ਦੀ ਡੀਸੀ ਤੇ ਐੱਸਐੱਸਪੀ ਹੁਸ਼ਿਆਰਪੁਰ ਨਾਲ ਮੀਟਿੰਗ ਕਰਾਉਣ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ ਗਿਆ। ਦੱਸਣਯੋਗ ਹੈ ਕਿ ਮਹਿਤਾਬਪੁਰ ਦੀ ਜੰਗਲਾਤ ਵਿਭਾਗ ਦੀ ਕੁਝ ਲੋਕਾਂ ਦੇ ਕਬਜ਼ੇ ਹੇਠਲੀ 300 ਤੋਂ ਵੱਧ ਏਕੜ ਜ਼ਮੀਨ ਤੋਂ ਪਿਛਲੀ ਸਰਕਾਰ ਸਮੇਂ ਸਾਲ 2018 ਵਿੱਚ ਜੰਗਲਾਤ ਵਿਭਾਗ ਨੇ ਕਬਜ਼ਾ ਹਟਾ ਲਿਆ ਸੀ। ਇਸ ਵਿੱਚੋਂ ਕੁਝ ਜ਼ਮੀਨ ’ਤੇ ਅੱਜ ਮੁੜ ਕਬਜ਼ਾ ਕੀਤਾ ਗਿਆ ਹੈ। ਅੱਜ ਦੁਪਹਿਰੇ ਭਾਰਤੀ ਕਿਸਾਨ ਯੂਨੀਅਨ ਏਕਤਾਂ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ, ਸਕੱਤਰ ਦਲਜੀਤ ਸਿੰਘ, ਬਲਾਕ ਪ੍ਰਧਾਨ ਗੁਰਪ੍ਰਤਾਪ ਸਿੰਘ, ਸਕੱਤਰ ਸਿੰਘ ਤੇ ਹਰਦੀਪ ਸਿੰਘ ਦੀ ਅਗਵਾਈ ’ਚ ਆਬਾਦਕਾਰ ਕਿਸਾਨਾਂ ਨੇ ਜੰਗਲਾਤ ਵਿਭਾਗ ਵੱਲੋਂ ਛੁਡਾਈ ਜ਼ਮੀਨ ’ਚੋਂ ਤਕਰੀਬਨ 50-55 ਏਕੜ ਜ਼ਮੀਨ ’ਤੇ ਟਰੈਕਟਰ ਨਾਲ ਵਾਹ ਕੇ ਕਬਜ਼ਾ ਕਰ ਲਿਆ। ਸੂਚਨਾ ਮਿਲਣ ’ਤੇ ਡੀਐੱਫਓ ਅੰਜਨ ਕੁਮਾਰ ਤੇ ਐੱਸਐੱਚਓ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਪੁੱਜੀ ਪੁਲੀਸ ਤੇ ਜੰਗਲਾਤ ਵਿਭਾਗ ਦੀ ਟੀਮ ਨੂੰ ਧਰਨਕਾਰੀਆਂ ਨੇ ਧੁੱਸੀ ਬੰਨ੍ਹ ’ਤੇ ਲਗਾਏ ਧਰਨੇ ਤੋਂ ਅੱਗੇ ਨਾ ਜਾਣ ਦਿੱਤਾ। ਇਸ ਦੌਰਾਨ ਚੱਲੀ ਲੰਬੀ ਤਕਰਾਰ ਤੋਂ ਬਾਅਦ ਕਰੀਬ 5 ਵਜੇ ਪੁਲੀਸ ਅਧਿਕਾਰੀਆਂ ਵੱਲੋਂ ਧਰਨਕਾਰੀਆਂ ਨੂੰ ਭਲਕੇ 16 ਸਤੰਬਰ ਨੂੰ ਕਿਸਾਨ ਜਥੇਬੰਦੀ ਦੀ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਹੁਸ਼ਿਆਰਪੁਰ ਨਾਲ ਮੀਟਿੰਗ ਕਰਾਉਣ ਦੇ ਦਿੱਤੇ ਭਰੋਸੇ ਉਪਰੰਤ ਧਰਨਾਕਾਰੀਆਂ ਵਲੋਂ ਧਰਨਾ ਚੁੱਕਿਆ ਗਿਆ। ਡੀਐੱਫਓ ਅੰਜਨ ਕੁਮਾਰ ਨੇ ਕਿਹਾ ਕਿ ਕੁਝ ਲੋਕਾਂ ਵਲੋਂ ਜੰਗਲਾਤ ਦੀ ਜ਼ਮੀਨ ’ਤੇ ਧੱਕੇ ਨਾਲ ਕਬਜ਼ਾ ਕੀਤਾ ਗਿਆ ਹੈ ਅਤੇ ਸਰਕਾਰੀ ਸੰਪਤੀ ਦਾ ਨੁਕਸਾਨ ਵੀ ਕੀਤਾ ਗਿਆ ਹੈ। ਇਸ ਬਾਰੇ ਪੁਲੀਸ ਤੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।