ਮਿਹਰ ਸਿੰਘ
ਕੁਰਾਲੀ, 12 ਮਈ
ਜ਼ਿਲ੍ਹਾ ਪ੍ਰਸ਼ਾਸ਼ਨ ਨੇ ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਸੁਹਾਲੀ ਵਿੱਚ ਅੱਜ 57 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾਇਆ। ਮਾਲ ਵਿਭਾਗ, ਪੰਚਾਇਤ ਤੇ ਪੇਂਡੂ ਵਿਕਾਸ ਵਿਭਾਗ ਅਤੇ ਪੁਲੀਸ ਦੀ ਸਾਂਝੀ ਟੀਮ ਨੇ ਇਹ ਕਾਰਵਾਈ ਕੀਤੀ। ਇਸ ਤੋਂ ਬਾਅਦ ਇਹ ਜ਼ਮੀਨ ਗ੍ਰਾਮ ਪੰਚਾਇਤ ਹਵਾਲੇ ਕਰ ਦਿੱਤੀ ਗਈ।
ਡਿਊਟੀ ਮੈਜਿਸਟਰੇਟ-ਕਮ-ਨਾਇਬ ਤਹਿਸੀਲਦਾਰ ਵਿਵੇਕ ਨਿਰਮੋਹੀ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (ਮਾਜਰੀ) ਜਸਪ੍ਰੀਤ ਕੌਰ ਦੀ ਅਗਵਾਈ ਵਾਲੀ ਵਾਲੀ ਟੀਮ ਨੇ ਨਾਜਾਇਜ਼ ਕਬਜ਼ੇ ਹਟਾਏ। ਥਾਣਾ ਸਦਰ ਕੁਰਾਲੀ ਦੇ ਐੱਸਐੱਚਓ ਮਲਕੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਵੀ ਮੌਕੇ ’ਤੇ ਪੁੱਜੀ ਹੋਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਜ਼ਮੀਨ ਸ਼ਾਮਲਾਤ ਤੇ ਪੰਚਾਇਤ ਦੀ ਮਾਲਕੀ ਵਾਲੀ ਹੈ। ਇਸ ਦੇ ਬਾਵਜੂਦ ਪਿੰਡ ਦੇ ਕੁਝ ਵਿਅਕਤੀਆਂ ਨੇ ਗਿਰਦਾਵਰੀਆਂ ਕਰਵਾ ਕੇ ਜ਼ਮੀਨ ਉੱਤੇ ਕਬਜ਼ਾ ਕੀਤਾ ਹੋਇਆ ਸੀ।
ਇਸ ਜ਼ਮੀਨ ’ਤੇ ਕੀਤੇ ਕਬਜ਼ਿਆਂ ਦਾ ਮਾਮਲਾ ਲੰਮੇਂ ਸਮੇਂ ਚਰਚਾ ਵਿੱਚ ਸੀ ਪਰ ਪ੍ਰਸ਼ਾਸਨ ਕਬਜ਼ਾ ਛੁਡਵਾਉਣ ਵਿੱਚ ਅਫਸਲ ਰਿਹਾ ਸੀ। ਅੱਜ ਕੀਤੀ ਕਾਰਵਾਈ ਦੌਰਾਨ ਪ੍ਰਸ਼ਾਸਨ ਦੀ ਟੀਮ ਕਬਜ਼ਾ ਹਟਾਉਣ ਵਿੱਚ ਸਫਲ ਰਹੀ। ਇਸ ਮੌਕੇ ਸਰਪੰਚ ਬਲਵੀਰ ਸਿੰਘ ਸੁਹਾਲੀ, ਪਰਮਜੀਤ ਸਿੰਘ ਕਾਨੂੰਨਗੋ, ਗੁਰਿੰਦਰ ਸਿੰਘ ਪਟਵਾਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਛਲੇੜੀ ਵਾਸੀਆਂ ਨੇ ਪੰਚਾਇਤੀ ਜ਼ਮੀਨ ਸਰਕਾਰ ਨੂੰ ਸੌਂਪੀ
ਫ਼ਤਹਿਗੜ੍ਹ ਸਾਹਿਬ (ਹਿਮਾਂਸ਼ੂ ਸੂਦ): ਬਲਾਕ ਸਰਹਿੰਦ ਦੇ ਪਿੰਡ ਛਲੇੜੀ ਕਲਾਂ ਵਿੱਚ 417 ਏਕੜ ਪੰਚਾਇਤੀ ਜ਼ਮੀਨ ਅੱਜ ਪਿੰਡ ਦੇ ਲੋਕਾਂ ਨੇ ਸਹਿਮਤੀ ਨਾਲ ਸਰਕਾਰ ਦੇ ਸਪੁੱਰਦ ਕਰ ਦਿੱਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਲਖਵੀਰ ਸਿੰਘ ਰਾਏ ਤੋਂ ਇਲਾਵਾ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ। ਸ੍ਰੀ ਧਾਲੀਵਾਲ ਨੇ ਸਹਿਮਤੀ ਦੇਣ ਵਾਲੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰੀ ਜਾਇਦਾਦਾਂ ’ਤੇ ਕਬਜ਼ੇ ਹਟਾ ਕੇ ਸਰਕਾਰ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਜ਼ਮੀਨ ਦੀ ਵਰਤੋਂ ਲੋਕਾਂ ਦੇ ਭਲੇ ਲਈ ਕੀਤੀ ਜਾਵੇਗੀ ਅਤੇ ਪਿੰਡ ਦੇ ਪਹਿਲੇ ਕਾਸ਼ਤਕਾਰਾਂ ਨੂੰ ਹੀ ਪਹਿਲ ਦੇ ਅਧਾਰ ’ਤੇ ਜ਼ਮੀਨ ਬੋਲੀ ’ਤੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦ ਹੀ ਸਰਕਾਰ ਨਵੀਂ ਪਾਲਸੀ ਲਿਆਵੇਗੀ ਜਿਸ ਤਹਿਤ ਲੋਕ ਇਸ ਜ਼ਮੀਨ ਨੂੰ ਖਰੀਦ ਸਕਣਗੇ। ਉਨ੍ਹਾਂ ਨੇ ਪਿੰਡ ਵਿੱਚ ਪਸ਼ੂ ਹਸਪਤਾਲ ਬਣਾਉਣ ਲਈ ਜਲਦ ਸਰਵੇ ਕਰਵਾਉਣ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਸਰਪੰਚ ਮਨਜੀਤ ਸਿੰਘ, ਸਾਬਕਾ ਸਰਪੰਚ ਹਰਜਿੰਦਰ ਸਿੰਘ ਲੱਕੀ, ਸੂਬੇਦਾਰ ਬਾਵਾ ਸਿੰਘ ਅਤੇ ਹੋਰਨਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਡੀਡੀਪੀਓ ਨਰਭਿੰਦਰ ਸਿੰਘ ਗਰੇਵਾਲ, ਬੀਡੀਪੀਓ ਗੁਰਦਿਆਲ ਸਿੰਘ, ਬਲਾਕ ਸਮਿਤੀ ਦੇ ਸਾਬਕਾ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਤੇ ਹੋਰ ਪਤਵੰਤੇ ਮੌਜੂਦ ਸਨ।