ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 4 ਜੁਲਾਈ
ਇੱਥੇ ਅੱਜ ਪੀਆਰਟੀਸੀ ਦੀਆਂ ਬੱਸਾਂ ’ਤੇ ਲੱਗੀਆਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਸਮੇਤ ਵਿਵਾਦਤ ਸਲੋਗਨਾਂ ਵਾਲੇ ਸਟਿੱਕਰ ਹਟਾਏ ਗਏ। ਇਸ ਕੰਮ ’ਚ ਰੁੱਝੇ ਇਕ ਕਾਮੇ ਨੇ ਦੱਸਿਆ ਕਿ ਸਿਰਫ ਦੋ ਜਾਂ ਤਿੰਨ ਬੱਸਾਂ ਵਿੱਚ ਹੀ ਅਜਿਹੀਆਂ ਤਸਵੀਰਾਂ ਤੇ ਸਟਿੱਕਰ ਲੱਗੇ ਹੋਏ ਸਨ ਜਿਨ੍ਹਾਂ ਨੂੰ ਉਤਾਰ ਦਿੱਤਾ ਗਿਆ ਹੈ। ਪੀਆਰਟੀਸੀ ਬਠਿੰਡਾ ਡਿੱਪੂ ਦੇ ਜਨਰਲ ਮੈਨੇਜਰ ਅਨੁਸਾਰ ਵਿਵਾਦਤ ਪੋਸਟਰ ਤੇ ਸਟਿੱਕਰਾਂ ਨੂੰ ਹਟਾਉਣ ਲਈ ਉੱਪਰੋਂ ਨਿਰਦੇਸ਼ ਆਏ ਹਨ। ਇਸੇ ਸਬੰਧ ਵਿੱਚ ਪੰਥਕ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਪੀਆਰਟੀਸੀ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਇਸ ਕਾਰਵਾਈ ’ਤੇ ਇਤਰਾਜ਼ ਦਾਇਰ ਕਰਦਿਆਂ ਕਿਹਾ ਕਿ ਦਰਅਸਲ ਪੋਸਟਰ ਤੇ ਸਟਿੱਕਰ ਤਾਂ ਸਿਆਸੀ ਆਗੂਆਂ ਦੇ ਉਤਾਰੇ ਜਾਣੇ ਚਾਹੀਦੇ ਹਨ, ਜੋ ਦਹਾਕਿਆਂ ਤੋਂ ਲੋਕਾਂ ਨੂੰ ਗੁੰਮਰਾਹ ਕਰਦੇ ਆ ਰਹੇ ਹਨ।