ਦਲਬੀਰ ਸੱਖੋਵਾਲੀਆ
ਬਟਾਲਾ, 26 ਨਵੰਬਰ
ਮਾਲ ਅਤੇ ਯਾਤਰੀ ਗੱਡੀਆਂ ਚੱਲਣ ਨਾਲ ਬਟਾਲਾ ਦੀ ਲੋਹਾ ਸਨਅਤ ਨੂੰ ਵੱਡੀ ਰਾਹਤ ਮਿਲੀ ਹੈ। ਗੱਡੀਆਂ ਸ਼ੁਰੂ ਕਰਨ ਦੇ ਐਲਾਨ ਨਾਲ ਹੀ ਇੱਥੇ ਪਿੱਗ ਆਇਰਨ ਦੇ ਭਾਅ ਵਿੱਚ 700 ਰੁਪਏ ਪ੍ਰਤੀ ਟਨ ਦੀ ਕਮੀ ਆ ਗਈ ਹੈ, ਜਦੋਂ ਕਿ ਆਉਂਦੇ ਦਿਨਾਂ ਵਿੱਚ ਭਾਅ ਹੋਰ ਡਿੱਗੇਗਾ। ਬਟਾਲਾ ਦੇ ਸਨਅਤਕਾਰਾਂ ਨੇ ਮਾਲ ਅਤੇ ਯਾਤਰੂ ਰੇਲਗੱਡੀਆਂ ਸ਼ੁਰੂ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਬਟਾਲਾ ਉਦਯੋਗ ਲਈ ਫਾਇਦੇਮੰਦ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਤਾਲਾਬੰਦੀ ਅਤੇ ਹੁਣ ਕਿਸਾਨੀ ਸੰਘਰਸ਼ ਕਾਰਨ ਲੋਹ ਸਨਅਤ ਨੂੰ ਵੱਡੀ ਢਾਹ ਲੱਗੀ ਹੈ। ਸਨਅਤੀ ਨਗਰ ਬਟਾਲਾ ਵਿੱਚ ਦੋ ਤਰ੍ਹਾਂ ਦੇ ਉਦਯੋਗ ਹਨ, ਜਿਨ੍ਹਾਂ ਵਿੱਚ ਢਲਾਈ ਦਾ ਕੰਮ ਕਰਨ ਵਾਲੇ 300 ਦੇ ਕਰੀਬ ਫਾਊਂਡਰੀ ਯੂਨਿਟ ਅਤੇ 300 ਦੇ ਕਰੀਬ ਹੀ ਇੰਜੀਨੀਅਰਿੰਗ ਯੂਨਿਟ ਹਨ। ਜਿਉਂ ਹੀ ਪਟੜੀਆਂ ’ਤੇ ਰੇਲ ਦਾ ਚੱਕਾ ਘੁੰਮਿਆ ਤਾਂ ਬਟਾਲਾ ਸਨਅਤ ਨੇ ਵੀ ਗੇੜਾ ਖਾਧਾ ਹੈ। ਸਰਹੱਦੀ ਸ਼ਹਿਰ ਦੇ ਸਨਅਤਕਾਰਾਂ ਨੂੰ ਬਹੁਤ ਜਲਦੀ ਕੋਲਾ, ਦੇਗ, ਸਕਰੈਪ ਸਮੇਤ ਹਰ ਤਰ੍ਹਾਂ ਦਾ ਕੱਚੇ ਮਾਲ ਦੀ ਸਪਲਾਈ ਮਿਲੇਗੀ ਅਤੇ ਉਨ੍ਹਾਂ ਵੱਲੋਂ ਤਿਆਰ ਕੀਤੀ ਮਸ਼ੀਨਰੀ ਵੀ ਰੇਲ ਰਾਹੀਂ ਦੇਸ਼ ਦੇ ਦੂਜੇ ਭਾਗਾਂ ਵਿੱਚ ਪਹੁੰਚ ਸਕੇਗੀ।
ਬਟਾਲਾ ਦੇ ਸਨਅਤਕਾਰ ਵੀਐੱਮ ਗੋਇਲ ਨੇ ਕਿਹਾ ਕਿ ਕਰੋਨਾ ਅਤੇ ਕਿਸਾਨ ਅੰਦੋਲਨ ਕਾਰਨ ਬਟਾਲਾ ਉਦਯੋਗ ਨੂੰ 300 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਕੱਚੇ ਮਾਲ ਅਤੇ ਕੋਲੇ ਦੀ ਸਪਲਾਈ ਰੁਕਣ ਨਾਲ ਬਹੁਤ ਸਾਰੀਆਂ ਸਨਅਤਾਂ ਨੂੰ ਤਾਲੇ ਲੱਗ ਗਏ ਅਤੇ ਕਾਮੇ ਬੇਰੁਜ਼ਗਾਰ ਹੋ ਗਏ ਹਨ। ਵੀਐੱਮ ਗੋਇਲ ਨੇ ਦੱਸਿਆ ਕਿ ਬਟਾਲਾ ਸਨਅਤ ਨੂੰ ਸਪਲਾਈ ਹੁੰਦੀ ਦੇਗ (ਪਿੱਗ ਆਇਰਨ) ਦੇ ਕੁਝ ਰੈਕ ਪੱਛਮੀ ਬੰਗਾਲ ਦੇ ਪਲਾਂਟਾਂ ਤੋਂ ਚੱਲ ਪਏ ਹਨ ਅਤੇ ਆਉਂਦੇ ਕੁਝ ਦਿਨਾਂ ਵਿੱਚ ਜਦੋਂ ਇਹ ਰੈਕ ਬਟਾਲਾ ਵਿੱਚ ਪਹੁੰਚਣਗੇ ਤਾਂ ਪਿੱਗ ਆਇਰਨ ਦਾ ਭਾਅ ਡਿੱਗੇਗਾ। ਉਨ੍ਹਾਂ ਕਿਹਾ ਕਿ ਗੱਡੀਆਂ ਚੱਲਣ ਦੇ ਐਲਾਨ ਨਾਲ ਹੀ ਇਹ ਰੇਟ 700 ਰੁਪਏ ਪ੍ਰਤੀ ਟਨ ਘੱਟ ਹੋ ਗਿਆ ਹੈ। ਬਟਾਲਾ ਦੀ ਰਾਜਿੰਦਰਾ ਫਾਊਂਡਰੀ ਦੇ ਮਾਲਕ ਪਰਮਿੰਦਰ ਸਿੰਘ ਨੇ ਦੱਸਿਆ ਕਿ ਬਟਾਲਾ ਸ਼ਹਿਰ ਪਹਿਲਾਂ ਹੀ ਸਰਹੱਦ ਨੇੜੇ ਹੋਣ ਕਾਰਨ ਇਥੇ ਕੱਚੇ ਮਾਲ ਦੀ ਸਪਲਾਈ ਅਤੇ ਤਿਆਰ ਮਸ਼ੀਨਰੀ ਨੂੰ ਭੇਜਣ ਵਿੱਚ ਸਭ ਤੋਂ ਵੱਧ ਭਾੜਾ ਪੈਂਦਾ ਹੈ। ਕੋਲੇ ਤੇ ਕੱਚੇ ਮਾਲ ਦੀ ਸਪਲਾਈ ਬੰਦ ਹੋਣ ਕਾਰਨ ਢਲਾਈ ਦਾ ਅਤੇ ਮਸ਼ੀਨਰੀ ਬਣਾਉਣ ਦਾ ਸਾਰਾ ਕੰਮ ਰੁਕ ਗਿਆ। ਉਨ੍ਹਾਂ ਦਾ ਤਿਆਰ ਮਾਲ ਵੀ ਮਾਲ ਗੱਡੀਆਂ ਬੰਦ ਹੋਣ ਕਾਰਨ ਗਾਹਕਾਂ ਤੱਕ ਨਾ ਪਹੁੰਚ ਸਕਿਆ, ਜਿਸ ਦਾ ਉਨ੍ਹਾਂ ਨੂੰ ਵੱਡਾ ਮਾਲੀ ਨੁਕਸਾਨ ਝੱਲਣਾ ਪਿਆ ਹੈ। ਸਨਅਤਕਾਰਾਂ ਪਰਮਜੀਤ ਸਿੰਘ ਗਿੱਲ, ਰਾਕੇਸ਼ ਗੋਇਲ, ਪਵਨ ਕੁਮਾਰ, ਰਾਮੇਸ਼ ਵਰਮਾ, ਸਤਨਾਮ ਸਿੰਘ ਨੇ ਵੀ ਮਾਲ ਤੇ ਯਾਤਰੀ ਰੇਲ ਗੱਡੀਆਂ ਸ਼ੁਰੂ ਹੋਣ ਦਾ ਸਵਾਗਤ ਕੀਤਾ ਹੈ।