ਆਤਿਸ਼ ਗੁਪਤਾ
ਚੰਡੀਗੜ੍ਹ, 20 ਜੁਲਾਈ
ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿੱਚ ਅੱਜ ਸਵੇਰੇ ਕਈ ਥਾਵਾਂ ’ਤੇ ਭਾਰੀ ਤੇ ਦਰਮਿਆਨਾ ਮੀਂਹ ਪਿਆ ਹੈ, ਜਿਸ ਨਾਲ ਲੋਕਾਂ ਨੂੰ ਅਤਿ ਗਰਮੀ ਤੇ ਹੁੰਮਸ ਤੋਂ ਰਾਹਤ ਮਿਲੀ। ਮੀਂਹ ਨਾਲ ਲੋਕਾਂ ਅਤੇ ਕਿਸਾਨਾਂ ਨੇ ਚਿਹਰੇ ਖਿੜ ਗਏ ਪਰ ਹੇਠਲੇ ਇਲਾਕੇ ਦੇ ਕਿਸਾਨਾਂ ਨੂੰ ਖੇਤਾਂ ਵਿੱਚ ਪਾਣੀ ਭਰਨ ਕਰਕੇ ਕਈ ਤਰ੍ਹਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਦੀ ਮੰਗ ਘਟਣ ਕਰਕੇ ਬਿਜਲੀ ਵਿਭਾਗ ਨੇ ਵੀ ਸੁੱਖ ਦਾ ਸਾਹ ਲਿਆ ਹੈ। ਮੀਂਹ ਕਰਕੇ ਤਾਪਮਾਨ ਆਮ ਨਾਲੋਂ 3 ਤੋਂ 4 ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਸਵੇਰੇ 8.30 ਵਜੇ ਤੱਕ ਰਾਜਧਾਨੀ ਚੰਡੀਗੜ੍ਹ ਵਿੱਚ 3.8 ਐੱਮਐੱਮ, ਅੰਮ੍ਰਿਤਸਰ ’ਚ 7.8 ਐੱਮਐੱਮ, ਲੁਧਿਆਣਾ ਵਿੱਚ 41.8 ਐੱਮਐੱਮ, ਪਠਾਨਕੋਟ ਵਿੱਚ 11 ਐੱਮਐੱਮ, ਗੁਰਦਾਸਪੁਰ ਵਿੱਚ 37.5 ਐੱਮਐੱਮ, ਫਤਹਿਗੜ੍ਹ ਸਾਹਿਬ ਵਿੱਚ 4.5 ਐੱਮਐੱਮ, ਮੁਹਾਲੀ ’ਚ 9.5 ਐੱਮਐੱਮ, ਰੋਪੜ ’ਚ 26 ਐੱਮਐੱਮ ਮੀਂਹ ਪਿਆ ਹੈ। ਇਸੇ ਤਰ੍ਹਾਂ ਹਰਿਆਣਾ ਵਿੱਚ ਅੰਬਾਲਾ ’ਚ 21.4 ਐੱਮਐੱਮ, ਮਹਿੰਦਰਗੜ੍ਹ ਵਿੱਚ 35 ਐੱਮਐੱਮ, ਪੰਚਕੂਲਾ ’ਚ 6.5 ਐੱਮਐੱਮ, ਮੇਵਾਤ ’ਚ 4.5 ਐੱਮਐੱਮ ਅਤੇ ਹੋਰ ਇਲਾਕਿਆਂ ਵਿੱਚ ਹਲਕੀ ਵਰਖਾ ਹੋਈ। ਮੌਸਮ ਵਿਭਾਗ ਅਨੁਸਾਰ ਪੰਜਾਬ ਤੇ ਹਰਿਆਣਾ ਵਿੱਚ ਅਗਲੇ 48 ਘੰਟੇ ਮੀਂਹ ਪੈ ਸਕਦਾ ਹੈ।