ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਦਸੰਬਰ
ਇੱਥੇ ਵਿੱਚ ਬੰਦ ਪਏ ਅਡਾਨੀ ਲੌਜਿਸਟਿਕਸ ਪਾਰਕ ਅਤੇ ਰਿਲਾਇੰਸ ਸਟੋਰ ਕਿਸਾਨ ਸੰਘਰਸ਼ ਦੀ ਮੁਲਤਵੀ ਮਗਰੋਂ ਮੁੜ ਖੋਲ੍ਹੇ ਜਾਣ ਦੀ ਸੰਭਾਵਨਾ ਹੈ। ਲੁਧਿਆਣਾ ਦੇ ਕਿਲ੍ਹਾ ਰਾਏਪੁਰ ਵਿੱਚ ਬੰਦ ਪਏ ਅਡਾਨੀ ਲੌਜਿਸਟਿਕਸ ਪਾਰਕ ਨੂੰ ਖੋਲ੍ਹਣ ਲਈ ਕੰਪਨੀ ਕੰਮ ਕਰ ਰਹੀ ਹੈ। ਹਾਲਾਂਕਿ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਪਰ ਇੱਥੇ ਤਾਇਨਾਤ ਮੁਲਾਜ਼ਮਾਂ ਅਨੁਸਾਰ ਕਿਸਾਨੀ ਘੋਲ ਦੇ ਖ਼ਤਮ ਹੋਣ ਕਾਰਨ ਇਹ ਦੁਬਾਰਾ ਸ਼ੁਰੂ ਕੀਤਾ ਜਾ ਸਕਦਾ ਹੈ। ਅਜਿਹੇ ’ਚ ਪੁਰਾਣੇ ਮੁਲਾਜ਼ਮਾਂ ਨੂੰ ਕੰਮ ’ਤੇ ਬੁਲਾਉਣ ਦੇ ਨਾਲ-ਨਾਲ ਪਿੰਡਾਂ ਵਿੱਚ ਮੁੜ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇਗੀ। ਉਧਰ ਰਿਲਾਇੰਸ ਨਾਲ ਸਬੰਧਤ ਸਟੋਰਾਂ ਨੂੰ ਵੀ 16 ਦਸੰਬਰ ਤੋਂ ਖੋਲ੍ਹਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਰਿਲਾਇੰਸ ਵੱਲੋਂ ਵੱਖ-ਵੱਖ ਸ਼ਾਪਿੰਗ ਮਾਲਜ਼ ਦੇ ਪ੍ਰਬੰਧਕਾਂ ਨੂੰ 15 ਦਸੰਬਰ ਤੋਂ ਮੁੜ ਕੰਮ ਸ਼ੁਰੂ ਹੋਣ ਦੀ ਗੱਲ ਆਖੀ ਜਾ ਰਹੀ ਹੈ।