ਬੀ.ਐੱਸ. ਚਾਨਾ
ਸ੍ਰੀ ਆਨੰਦਪੁਰ ਸਾਹਿਬ, 18 ਜਨਵਰੀ
ਸ੍ਰੀ ਆਨੰਦਪੁਰ ਸਾਹਿਬ ਤੋਂ ਦਸਮੇਸ਼ ਅਕੈਡਮੀ ਰੋਡ ’ਤੇ ਨਹਿਰਾਂ ਨੇੜੇ ਝੁੱਗੀਆਂ ਵਿੱਚ ਕਰੀਬ ਇੱਕ ਸਾਲ ਤੋਂ ਗੁਰਮਤਿ ਵਿੱਦਿਆ ਦੇ ਨਾਮ ’ਤੇ 10 ਸਾਲ ਤੋਂ ਘੱਟ ਉਮਰ ਦੇ 15 ਬੱਚੇ ਰੱਖੇ ਹੋਏ ਸਨ। ਇਨ੍ਹਾਂ ਨੂੰ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਛੁਡਵਾਇਆ ਗਿਆ ਤੇ ਸੁਰੱਖਿਅਤ ਸਥਾਨ ’ਤੇ ਭੇਜਿਆ ਗਿਆ।
ਇਸ ਸਬੰਧੀ ਜ਼ਿਲ੍ਹਾ ਬਾਲ ਵਿਕਾਸ ਅਫਸਰ ਰਜਿੰਦਰ ਕੌਰ ਤੇ ਐੱਸਐੱਚਓ ਹਰਕੀਰਤ ਸਿੰਘ ਨੇ ਦੱਸਿਆ ਕਿ ਝੁੱਗੀਆਂ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਰੱਖੇ ਜਾਣ ਬਾਰੇ ਐੱਸਡੀਐੱਮ ਕੰਨੂ ਗਰਗ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ। ਐੱਸਡੀਐੱਮ ਦੀ ਹਦਾਇਤ ’ਤੇ ਜਦੋਂ ਮੌਕੇ ਤੋਂ ਜਾਣਕਾਰੀ ਇਕੱਤਰ ਕੀਤੀ ਗਈ ਸੀ ਤਾਂ ਸੂਚਨਾ ਸਹੀ ਪਾਈ ਗਈ। ਘੋਖ ਕਰਨ ’ਤੇ ਇਹ ਪਤਾ ਲੱਗਿਆ ਕਿ ਸੁਸਾਇਟੀ ਰਜਿਸਟਰਡ ਕਰਵਾ ਕੇ 15 ਦੇ ਕਰੀਬ ਬੱਚਿਆਂ ਨੂੰ ਠੰਢ ਵਿੱਚ ਝੁੱਗੀਆਂ ’ਚ ਰੱਖਿਆ ਹੋਇਆ ਸੀ। ਜਦੋਂ ਉੱਥੇ ਮੌਜੂਦ ਲੋਕਾਂ ਤੋਂ ਪਤਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆ ਵੱਲੋਂ ਭੇਜਿਆ ਗਿਆ ਹੈ ਅਤੇ ਗੁਰਮਤਿ ਦੀ ਵਿੱਦਿਆ ਇਨ੍ਹਾਂ ਨੂੰ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਬੱਚਿਆਂ ਨੂੰ ਵਿਭਾਗ ਨਾਲ ਰਜਿਸਟਰਡ ਸੰਸਥਾ ’ਚ ਰੱਖਿਆ ਜਾਵੇਗਾ। ਜਦੋਂ ਤੱਕ ਇਹ ਸੰਸਥਾ ਨਿਯਮਾਂ ਨੂੰ ਪੂਰਾ ਨਹੀਂ ਕਰਦੀ ਉਦੋਂ ਤੱਕ ਬੱਚੇ ਰੱਖਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।
ਅਧਿਕਾਰੀਆਂ ਨੇ ਕਿਹਾ ਕਿ ਬੱਚਿਆਂ ਨੂੰ ਰੱਖ ਰਹੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇੱਥੇ ਬੱਚਿਆਂ ਨੂੰ ਗੁਰਮਤਿ ਵਿੱਦਿਆ, ਸੰਥਿਆ, ਕੀਰਤਨ ਸਿਖਾਉਣ ਦੇ ਨਾਲ-ਨਾਲ ਸਕੂਲ ਵਿੱਚ ਸਿੱਖਿਆ ਵੀ ਦਿੱਤੀ ਜਾਂਦੀ ਸੀ। ਜਿੱਥੋਂ ਤੱਕ ਝੁੱਗੀਆਂ ’ਚ ਰਹਿਣ ਦੀ ਗੱਲ ਹੈ ਤਾਂ ਟਰੱਸਟ ਵੱਲੋਂ ਹੌਲੀ-ਹੌਲੀ ਇਮਾਰਤ ਦਾ ਨਿਰਮਾਣ ਸ਼ੁਰੂ ਕਰਵਾਇਆ ਜਾਣਾ ਸੀ ਪਰ ਅੱਜ ਵਿਭਾਗੀ ਅਫਸਰਾਂ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ ਉਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹੈ।