ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਅਗਸਤ
ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲ੍ਹਾਂ ’ਚ ਬੰਦ ਬੰਦੀ ਸਿੱਖਾਂ ਦੀ ਰਿਹਾਈ ਲਈ ਅੱਗੇ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮੁਹਿੰਮ ਨੂੰ ਲੋਕ ਲਹਿਰ ’ਚ ਤਬਦੀਲ ਕਰਨ ਦੇ ਯਤਨ ਵਿੱਢੇ ਗਏ ਹਨ। ਇਸ ਸਬੰਧੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕਮੇਟੀ ਦੇ ਸਮੂਹ ਮੈਂਬਰਾਂ ਨਾਲ ਜ਼ਿਲ੍ਹਾ ਵਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਗਿਆ ਹੈ। ਇਹ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਉਨ੍ਹਾਂ ਵੱਲੋਂ ਸਮੂਹ ਮੈਂਬਰਾਂ ਨਾਲ ਅੰਮ੍ਰਿਤਸਰ ਵਿਚਲੇ ਮੁੱਖ ਦਫਤਰ ਵਿੱਚ ਵਿਸ਼ਾਲ ਇਕੱਤਰਤਾ ਕੀਤੀ ਜਾਵੇਗੀ। ਇਸੇ ਕੜੀ ਵਜੋਂ ਹਰਜਿੰਦਰ ਸਿੰਘ ਧਾਮੀ ਨੇ ਅੱਜ ਪਟਿਆਲਾ ਤੇ ਫ਼ਤਹਿਗੜ੍ਹ ਸਾਹਿਬ ਦੇ ਮੈਂਬਰਾਂ ਨਾਲ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿੱਚ ਬੰਦ ਕਮਰਾ ਮੀਟਿੰਗ ਕੀਤੀ। ਮੈਨੇਜਰ ਜਰਨੈਲ ਮੁਕਤਸਰੀ ਵੱਲੋਂ ਕੀਤੇ ਪ੍ਰਬੰਧਾਂ ਹੇਠ ਹੋਈ ਮੀਟਿੰਗ ’ਚ ਸਾਬਕਾ ਪ੍ਰਧਾਨ ਪ੍ਰੋ. ਕਿ੍ਰਪਾਲ ਸਿੰਘ ਬਡੂੰਗਰ, ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ, ਐਗਜੈਕਟਿਵ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਮੈਂਬਰ ਸਤਵਿੰਦਰ ਟੌਹੜਾ, ਜਸਮੇਰ ਲਾਛੜੂ, ਨਿਰਮਲ ਹਰਿਆਊ, ਜਰਨੈਲ ਕਰਤਾਰਪੁਰ, ਬਲਤੇਜ ਖੋਖ, ਸਵਿੰਦਰ ਸੱਭਰਵਾਲ, ਜਗਦੀਪ ਚੀਮਾ, ਅਵਤਾਰ ਰਿਆ, ਰਵਿੰਦਰ ਖਾਲਸਾ ਤੇ ਗੁਰਤੇਜ ਸਿੰਘ ਆਦਿ ਸ਼ਾਮਲ ਰਹੇ। ਮੀਟਿੰਗ ਮਗਰੋਂ ਪ੍ਰਧਾਨ ਹਰਜਿੰਦਰ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਅਪੀਲ ਕਰਦੇ ਬੋਰਡ ਫੋਟੋਆਂ ਸਮੇਤ ਪਹਿਲਾਂ ਗੁਰਦੁਆਰਿਆਂ ਦੇ ਗੇਟਾਂ ’ਤੇ ਲਵਾਏ ਗਏ ਹਨ। ਹੁਣ ਇਸ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।