ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਨਵੰਬਰ
ਕਰੋਨਾ ਮਹਾਮਾਰੀ ਅਤੇ ਪ੍ਰਦੂਸ਼ਣ ਨੂੰ ਧਿਆਨ ਵਿੱਚ ਰੱਖਦਿਆਂ ਇਸ ਵਾਰ 14 ਅਕਤੂਬਰ ਨੂੰ ਬੰਦੀ ਛੋੜ ਦਿਵਸ/ਦੀਵਾਲੀ ਦੀ ਰਾਤ ਦਰਬਾਰ ਸਾਹਿਬ ਵਿਖੇ ਸੰਕੇਤਕ ਆਤਿਸ਼ਬਾਜ਼ੀ ਕੀਤੀ ਜਾਵੇਗੀ। ਇਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਵੀ ਜਾਰੀ ਕੀਤਾ ਜਾਵੇਗਾ। ਉਨ੍ਹਾਂ ਤੋਂ ਇਲਾਵਾ ਦੋ ਮੁਤਵਾਜ਼ੀ ਜਥੇਦਾਰਾਂ ਵੱਲੋਂ ਵੀ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।
ਦੱਸਣਯੋਗ ਹੈ ਕਿ ਕੁਝ ਵਰ੍ਹੇ ਪਹਿਲਾਂ ਦਰਬਾਰ ਸਾਹਿਬ ਵਿਖੇ ਆਤਿਸ਼ਬਾਜ਼ੀ ਮੁਕਾਬਲੇ ਵੀ ਕਰਵਾਏ ਜਾਂਦੇ ਰਹੇ ਹਨ ਪਰ ਸੋਨੇ ਦੇ ਪੱਤਰਿਆਂ ਅਤੇ ਸੰਗਮਰਮਰ ’ਤੇ ਪ੍ਰਦੂਸ਼ਣ ਦੇ ਮਾੜੇ ਅਸਰ ਕਾਰਨ ਸਿੱਖ ਸੰਸਥਾ ਵੱਲੋਂ ਇਸ ਰੁਝਾਨ ਨੂੰ ਹੌਲੀ-ਹੌਲੀ ਠੱਲ੍ਹ ਪਾਉਣ ਵੱਲ ਕਦਮ ਪੁੱਟੇ ਜਾ ਰਹੇ ਹਨ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੁਖਤਾਰ ਸਿੰਘ ਨੇ ਦੱਸਿਆ ਕਿ ਬੰਦੀ ਛੋੜ ਦਿਵਸ ਦੀ ਰਾਤ ਦਰਬਾਰ ਸਾਹਿਬ ਵਿੱਚ ਆਤਿਸ਼ਬਾਜ਼ੀ ਕੁਝ ਕੁ ਮਿੰਟਾਂ ਲਈ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਦੀਵਾਲੀ ਦੀ ਰਾਤ ਦਰਬਾਰ ਸਾਹਿਬ ਦੀ ਮੁੱਖ ਇਮਾਰਤ, ਪਰਿਕਰਮਾ ਸਮੇਤ ਹੋਰ ਇਮਾਰਤਾਂ ’ਤੇ ਦੀਪਮਾਲਾ ਕੀਤੀ ਜਾਵੇਗੀ ਅਤੇ ਘਿਉ ਦੇ ਦੀਵੇ ਵੀ ਬਾਲੇ ਜਾਣਗੇ। ਸ੍ਰੀ ਗੁਰੂ ਰਾਮਦਾਰ ਲੰਗਰ ਘਰ ਵਿੱਚ ਸੰਗਤ ਵਾਸਤੇ ਵਿਸ਼ੇਸ਼ ਪਕਵਾਨ ਤਿਆਰ ਹੋਣਗੇ।
ਬੰਦੀ ਛੋੜ ਦਿਵਸ ਮੌਕੇ ਇਸ ਵਾਰ ਤਿੰਨ ਜਥੇਦਾਰਾਂ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਰਵਾਇਤ ਮੁਤਾਬਕ ਸ੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਦਰਸ਼ਨੀ ਢਿਉਡੀ ਤੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਜਾਂਦਾ ਹੈ ਪਰ ਨਵੰਬਰ 2015 ਵਿੱਚ ਸਰਬੱਤ ਖਾਲਸਾ ਵੱਲੋਂ ਥਾਪੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਵੀ ਸੰਦੇਸ਼ ਜਾਰੀ ਕੀਤਾ ਜਾ ਰਿਹਾ ਹੈ। ਸਰਬੱਤ ਖਾਲਸਾ ਪ੍ਰਬੰਧਕਾਂ ਵਿੱਚ ਸ਼ਾਮਲ ਸਿੱਖ ਆਗੂ ਜਰਨੈਲ ਸਿੰਘ ਸਖੀਰਾ ਨੇ ਦੱਸਿਆ ਕਿ ਭਾਈ ਧਿਆਨ ਸਿੰਘ ਮੰਡ ਵੱਲੋਂ ਬੰਦੀ ਛੋੜ ਦਿਵਸ ਮੌਕੇ 14 ਨਵੰਬਰ ਦੀ ਸ਼ਾਮ ਨੂੰ ਇੱਥੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਜਾਵੇਗਾ। ਇਸੇ ਤਰ੍ਹਾਂ ਤਿਹਾੜ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ, ਜਿਨ੍ਹਾਂ ਨੂੰ ਸਰਬੱਤ ਖਾਲਸਾ ਵੱਲੋਂ ਜਥੇਦਾਰ ਥਾਪਿਆ ਗਿਆ ਸੀ, ਦਾ ਸੰਦੇਸ਼ ਹਵਾਰਾ ਕਮੇਟੀ ਵੱਲੋਂ ਮੀਡੀਆ ਨੂੰ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।