ਅਜੇ ਮਲਹੋਤਰਾ
ਬਸੀ ਪਠਾਣਾਂ, 26 ਜੁਲਾਈ
ਸਰਹਿੰਦ ਮੰਡੀ ਦੀ ਪੁਰਾਣੀ ਅਨਾਜ ਮੰਡੀ ਦੇ ਮੁੱਖ ਬਾਜ਼ਾਰ ਵਿੱਚ ਨਗਰ ਕੌਂਸਲ ਵੱਲੋਂ ਲੋਕਾਂ ਲਈ ਬਣਾਏ ਗਏ ਪਖਾਨੇ ਨੂੰ ਬੀਤੇ ਦਿਨੀ ਇੱਕ ਵਿਅਕਤੀ ਨੇ ਤਾਲਾ ਜੜ ਦਿੱਤਾ। ਦੁਕਾਨਦਾਰਾਂ ਨੇ ਇਸ ਦੀ ਸ਼ਿਕਾਇਤ ਫ਼ਤਹਿਗੜ੍ਹ ਸਾਹਿਬ ਦੇ ਐੱਸਡੀਐੱਮ ਡਾ. ਸੰਜੀਵ ਕੁਮਾਰ ਕੋਲ ਕੀਤੀ ਤਾਂ ਐੱਸਡੀਐੱਮ ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਨਗਰ ਕੌਂਸਲ ਹਰਕਤ ’ਚ ਆਈ ਤੇ ਪਖਾਨਾ ਖੁਲ੍ਹਵਾਇਆ। ਸਰਹਿੰਦ ਮੰਡੀ ਦੇ ਸਬੰਧਤ ਬਾਜ਼ਾਰ ਵਿੱਚ ਮਾਈ ਅਨੰਤੀ ਦੀ ਧਰਮਸ਼ਾਲਾ ਤੱਕ ਇੱਕ ਹੀ ਪਬਲਿਕ ਪਖਾਨਾ ਹੈ ਜਿਸ ਦਾ ਇਸਤੇਮਾਲ ਦੁਕਾਨਦਾਰ ਤੇ ਖਰੀਦਦਾਰੀ ਕਰਨ ਵਾਲੀਆਂ ਮਹਿਲਾਵਾਂ ਕਰਦੀਆਂ ਹਨ। ਪਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਨੇ ਪਖਾਨੇ ਨੂੰ ਤਾਲਾ ਲਾਇਆ ਹੈ ਉਹ ਪਹਿਲਾਂ ਵੀ ਕਈ ਵਾਰ ਅਜਿਹਾ ਕਰ ਚੁੱਕਾ ਹੈੈ। ਇੰਡੀਆ ਅਗੇਂਸਟ ਕੁਰੱਪਸ਼ਨ ਦੇ ਆਗੂ ਓਂਕਾਰ ਸਿੰਘ ਸੋਹੀ ਤੇ ਸੰਦੀਪ ਸ਼ਰਮਾ ਨੇ ਕਿਹਾ ਕਿ ਇਸ ਸੜਕ ਤੋਂ ਨਗਰ ਕੌਂਸਲ ਨੇ ਸਾਰੇ ਰੇਹੜੀ ਵਾਲਿਆਂ ਨੂੰ ਹਟਾ ਕੇ ਸਰਹਿੰਦ ਸ਼ਹਿਰ ਵਾਲੀ ਸੜਕ ’ਤੇ ਭੇਜ ਦਿੱਤਾ ਹੈ ਪਰ ਇੱਕ ਇਹ ਵਿਅਕਤੀ ਹੈ ਜਿਸ ਦੀ ਰੇਹੜੀ ਇੱਥੋਂ ਨਹੀਂ ਹਟਾਈ ਗਈ ਤੇ ਇਹ ਵਿਅਕਤੀ ਵਾਰ-ਵਾਰ ਕੌਂਸਲ ਦੇ ਪਖਾਨੇ ਨੂੰ ਤਾਲਾ ਲਾ ਦਿੰਦਾ ਹੈ ਤੇ ਕੌਂਸਲ ਕੋਈ ਕਾਰਵਾਈ ਨਹੀਂ ਕਰਦੀ। ਇਸੇ ਕਰਕੇ ਇਹ ਸਮੱਸਿਆ ਐੱਸਡੀਐੱਮ ਦੇ ਧਿਆਨ ਵਿੱਚ ਲਿਆਂਦੀ ਗਈ ਹੈ। ਜਦੋਂ ਇਸ ਸਬੰਧ ’ਚ ਨਗਰ ਕੌਂਸਲ ਸਰਹਿੰਦ ਦੇ ਕਾਰਜ ਸਾਧਕ ਅਧਿਕਾਰੀ ਗੁਰਪਾਲ ਸਿੰਘ ਤੇ ਸੈਨੇਟਰੀ ਇੰਸਪੈਕਟਰ ਵਿਮਲ ਕੁਮਾਰ ਨਾਲ ਗੱਲ ਕੀਤੀ ਤਾਂ ਦੋਵੇਂ ਅਧਿਕਾਰੀਆਂ ਨੇ ਦੱਸਿਆ ਕਿ ਤਾਲਾ ਜੜਨ ਵਾਲੇ ਵਿਅਕਤੀ ਨੂੰ ਕੌਂਸਲ ਵੱਲੋਂ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜੇ ਭੱਵਿਖ ’ਚ ਅਜਿਹਾ ਕੁਝ ਹੋਇਆ ਤਾਂ ਕਾਰਵਾਈ ਕੀਤੀ ਜਾਵੇਗੀ।