ਫਗਵਾੜਾ: ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਵਲੋਂ 26 ਦਿਨਾਂ ਤੋਂ ਸ਼ੂਗਰ ਮਿੱਲ ਅੱਗੇ ਧਰਨਾ ਜਾਰੀ ਹੈ। ਕਿਸਾਨਾਂ ਨੂੰ ਅੱਜ ਉਸ ਵੇਲੇ ਰਾਹਤ ਮਿਲੀ ਜਦੋਂ ਹਰਿਆਣਾ ਦੇ ਭੂਨਾ ਮਿੱਲ ਦੀ ਰਜਿਸਟਰੀ ਹੋ ਗਈ, ਇਸ ਤੋਂ ਪ੍ਰਾਪਤ ਹੋਣ ਵਾਲੀ ਰਾਸ਼ੀ ਨਾਲ ਕਿਸਾਨਾਂ ਨੂੰ 23.76 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਭੂਨਾ ਮਿੱਲ ਦੀ ਰਜਿਸਟਰੀ ਪਿਛਲੇ ਸਮੇਂ ਦੌਰਾਨ ਸਰਕਾਰ ਵਲੋਂ ਪਾਏ ਅੜਿੱਕੇ ਕਾਰਨ ਰੁਕ ਗਈ ਸੀ ਪਰ ਅੱਜ ਸਰਕਾਰ ਨੇ ਇਸ ਰਜਿਸਟਰੀ ਨੂੰ ਸਿਰੇ ਚਾੜ੍ਹ ਦਿੱਤਾ ਹੈ ਜਿਸ ਨਾਲ ਹੁਣ 23 ਕਰੋੜ 76 ਲੱਖ ਰੁਪਏ ਦੀ ਰਾਸ਼ੀ ਕਿਸਾਨਾਂ ਦੇ ਖਾਤਿਆਂ ’ਚ ਆਵੇਗੀ। ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਇਸ ਥਾਂ ਦੀਆਂ 9 ਰਜਿਸਟਰੀਆਂ ਹੋ ਗਈਆਂ ਹਨ ਤੇ 9 ਡਰਾਫ਼ਟਾਂ ਰਾਹੀਂ ਅਦਾਇਗੀ ਦੇ ਡਰਾਫ਼ਟ ਵਸੂਲ ਲਏ ਹਨ ਤੇ ਹੁਣ ਜਲਦੀ ਅਗਲੀ ਕਾਰਵਾਈ ਕੀਤੀ ਜਾਵੇਗੀ। -ਪੱਤਰ ਪ੍ਰੇਰਕ