ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 2 ਫਰਵਰੀ
ਜੰਮੂ ਕਸ਼ਮੀਰ ਦੀ ਪੁਲੀਸ ਦੀ ਸਟੇਟ ਇਨਵੈਸਟੀਗੇਸ਼ਨ ਏਜੰਸੀ (ਐੱਸਆਈਏ) ਨੇ ਇੱਥੇ ਪਵਨ ਨਗਰ ਇਲਾਕੇ ’ਚ ਛਾਪਾ ਮਾਰ ਕੇ ਜੈਦੀਪ ਧਵਨ ਨਾਂ ਦੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ, ਜਿਸ ਖ਼ਿਲਾਫ਼ ਹਵਾਲਾ ਰਾਹੀਂ ਅਤਿਵਾਦੀਆਂ ਨੂੰ ਰਕਮ ਭੇਜਣ ਦੇ ਕੰਮ ਵਿੱਚ ਸ਼ਾਮਲ ਹੋਣ ਦੇ ਦੋਸ਼ ਹਨ।
ਪੁਲੀਸ ਸੂਤਰਾਂ ਮੁਤਾਬਕ ਜੰਮੂ ਕਸ਼ਮੀਰ ਪੁਲੀਸ ਨੇ 16 ਨਵੰਬਰ ਨੂੰ ਨਗਰੋਟਾ ਵਿੱਚੋਂ 42 ਲੱਖ ਰੁਪਏ ਦੀ ਹਵਾਲਾ ਰਾਸ਼ੀ ਬਰਾਮਦ ਕੀਤੀ ਸੀ, ਜਿਸ ਨੂੰ ਕਸ਼ਮੀਰ ਵਿੱਚ ਅਤਿਵਾਦੀਆਂ ਨੂੰ ਭੇਜਿਆ ਜਾਣਾ ਸੀ। ਇਸ ਸਬੰਧ ਵਿੱਚ ਗ੍ਰਿਫ਼ਤਾਰ ਕੀਤੇ ਵਿਅਕਤੀ ਕੋਲੋਂ ਪੁੱਛ-ਪੜਤਾਲ ਮਗਰੋਂ ਪੁਲੀਸ ਨੇ ਇੱਥੇ ਛਾਪਾ ਮਾਰਿਆ ਹੈ। ਐੱਸਆਈਏ ਨੇ ਮੋਹਕਮਪੁਰਾ ਪੁਲੀਸ ਥਾਣੇ ਹੇਠ ਆਉਂਦੇ ਪਵਨ ਨਗਰ ਦੇ ਜੈਦੀਪ ਦਾ ਟਰਾਂਜ਼ਿਟ ਰਿਮਾਂਡ ਪ੍ਰਾਪਤ ਕੀਤਾ ਹੈ। ਇਹ ਵੀ ਪਤਾ ਲੱਗਾ ਹੈ ਕਿ ਐੱਸਆਈਏ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ ਹੋਰ ਵੀ ਥਾਵਾਂ ’ਤੇ ਛਾਪੇ ਮਾਰੇ ਹਨ ਅਤੇ ਕੇਸ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ।