ਰਾਮ ਸ਼ਰਨ ਸੂਦ
ਅਮਲੋਹ, 22 ਮਈ
ਅਮਲੋਹ ਸਬ ਡਵੀਜ਼ਨ ਦੇ ਪਿੰਡ ਮਾਲੋਵਾਲ ਵਿੱਚ ਰੈੱਡ ਕਰਾਸ ਹਸਪਤਾਲ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ, ਜਿੱਥੇ ਕੋਈ ਵੀ ਡਾਕਟਰ, ਏ.ਐਨ.ਐਮ ਜਾਂ ਸਟਾਫ਼ ਨਰਸ ਪੱਕੇ ਤੌਰ ’ਤੇ ਨਹੀਂ ਹੈ। ਇਸ ਹਸਪਤਾਲ ਦਾ ਉਦਘਾਟਨ ਜਥੇਦਾਰ ਗੁਰਚਰਨ ਸਿੰਘ ਟੌਹੜਾ (ਮਰਹੂਮ) ਨੇ 17 ਅਪਰੈਲ 1979 ਨੂੰ ਕੀਤਾ ਸੀ।
ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਅਤੇ ਸਭਿਆਚਾਰਕ ਕਲੱਬ ਕਪੂਰਗੜ੍ਹ ਦੇ ਪ੍ਰਧਾਨ ਤੀਰਥ ਸਿੰਘ ਨੇ ਕਥਿਤ ਦੋਸ਼ ਲਾਇਆ ਕਿ ਹਸਪਤਾਲ ’ਚ ਸਟਾਫ਼ ਨਾ ਹੋਣ ਕਾਰਨ ਲੋਕ ਪ੍ਰਾਈਵੇਟ ਡਾਕਟਰ ਤੋਂ ਲੁੱਟ ਕਰਵਾਉਣ ਲਈ ਮਜਬੂਰ ਹਨ। ਹਸਪਤਾਲ ਦੇ ਅਧੀਨ ਸਬ ਸਿਹਤ ਕੇਂਦਰ ਤੰਦਾ ਬੱਧਾ ਕਲਾਂ, ਬੁੱਗਾ ਕਲਾਂ, ਦਨਘੇੜੀ, ਮਛਰਾਏ ਕਲਾਂ ਅਤੇ ਸਲਾਣੀ ਹਨ ਪਰ ਇੱਥੇ ਸਟਾਫ ਨਾ ਹੋਣ ਕਾਰਨ ਦਰਜਨਾਂ ਪਿੰਡਾਂ ਦੇ ਲੋਕ ਸਿਹਤ ਸਹੂਲਤਾਂ ਤੋਂ ਸੱਖਣੇ ਹਨ। ਉਨ੍ਹਾਂ ਦੱਸਿਆ ਕਿ 25 ਬੈੱਡਾਂ ਦੇ ਇਸ ਹਸਪਤਾਲ ’ਚ ਲੈਬ ਅਤੇ ਡਾਕਟਰਾਂ ਆਦਿ ਦੀ ਰਿਹਾਇਸ਼ ਦੀ ਸਹੂਲਤ ਵੀ ਹੈ। ਹਸਪਤਾਲ ਦੇ ਦੋ ਦਰਜਨ ਕਮਰਿਆਂ ’ਚੋਂ ਸਿਰਫ 4 ਕਮਰੇ ਹੀ ਵਰਤੋਂ ਵਿੱਚ ਹਨ ਜਦਕਿ ਬਾਕੀ ਕਮਰੇ ਖੰਡਰ ਬਣ ਰਹੇ ਹਨ ਜਿਥੇ ਪੰਛੀਆਂ ਨੇ ਆਲ੍ਹਣੇ ਪਾਏ ਹੋਏ ਹਨ। ਰਿਹਾਇਸ਼ੀ ਇਮਾਰਤ ਦੇ ਬੂਹੇ-ਬਾਰੀਆਂ ਤੋਂ ਇਲਾਵਾ ਪੰਜ ਹਜ਼ਾਰ ਲੀਟਰ ਦੀ ਸਮਰੱਥਾ ਵਾਲੀ ਪਾਣੀ ਦੀ ਟੈਂਕੀ ਵੀ ਟੁੱਟ ਕੇ ਡਿੱਗ ਗਈ ਹੈ। ਹਸਪਤਾਲ ਵਿਚ 24 ਅਸਾਮੀਆਂ ਵਿਚੋਂ 18 ਆਸਾਮੀਆਂ ਖਾਲੀ ਹਨ ਜਦਕਿ ਬਾਕੀ 6 ਅਸਾਮੀਆਂ ਵਿੱਚੋਂ ਮੈਡੀਕਲ ਅਫ਼ਸਰ ਡਾ. ਜਤਿੰਦਰਜੀਤ ਸਿੰਘ ਦੀ ਆਰਜ਼ੀ ਡਿਊਟੀ ਮੁਹਾਲੀ ਅਤੇ ਮੈਡੀਕਲ ਅਫ਼ਸਰ ਡਾ. ਰਾਕੇਸ਼ ਕੁਮਾਰ ਦੀ ਆਰਜ਼ੀ ਡਿਊਟੀ ਅਮਲੋਹ ਵਿੱਚ ਹੈ। ਫਾਰਮਾਸਿਸਟ ਪ੍ਰੀਤੀ ਸਟੱਡੀ ਲੀਵ ’ਤੇ ਹੈ, ਐਲ.ਟੀ ਗਰੇਡ-2 ਸੀਮਾ ਰਾਣੀ, ਦਰਜਾ ਚਾਰ ਹਰਜਿੰਦਰ ਸਿੰਘ ਅਤੇ ਸਫ਼ਾਈ ਸੇਵਕ ਕੇਸਰ ਸਿੰਘ ਦੀ ਡਿਊਟੀ ਪੀ.ਐਚ.ਸੀ ਚਨਾਰਥਲ ਕਲਾਂ ਲੱਗੀ ਹੋਈ ਹੈ, ਜਿਸ ਕਾਰਨ ਲੱਖਾਂ ਰੁਪਏ ਖਰਚ ਕੇ ਬਣੀ ਇਮਾਰਤ ਬੇਕਾਰ ਹੋ ਗਈ ਹੈ।
ਸਟਾਫ ਦੀ ਘਾਟ ਬਾਰੇ ਵਿਭਾਗ ਨੂੰ ਕਈ ਵਾਰ ਲਿਖਿਆ: ਐੱਸਐੱਮਓ
ਮੁੱਢਲਾ ਸਿਹਤ ਕੇਂਦਰ ਚਨਾਰਥਲ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ. ਰਮਿੰਦਰ ਕੌਰ ਵਾਲੀਆ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਮੰਨਿਆ ਕਿ ਹਸਪਤਾਲ ਵਿੱਚ ਕੋਈ ਵੀ ਡਾਕਟਰ, ਸਟਾਫ਼ ਨਰਸ ਜਾਂ ਏ.ਐਨ.ਐੱਮ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਘਾਟ ਬਾਰੇ ਕਈ ਵਾਰ ਵਿਭਾਗ ਦੇ ਅਧਿਕਾਰੀਆਂ ਨੂੰ ਲਿਖਤੀ ਪੱਤਰ ਭੇਜੇ ਹੋਏ ਹਨ।