ਮਹਿੰਦਰ ਸਿੰਘ ਰੱਤੀਆਂ
ਮੋਗਾ,10 ਜੁਲਾਈ
ਇਥੇ ਕਸਬਾ ਕੋਟ ਈਸੇ ਖਾਂ ਵਿਖੇ ਚਿੱਟੇ ਦਾ ਨਸ਼ਾ ਕਰਨ ਵਾਲੇ ਪੰਜਾਬੀ ਗੱਭਰੂਆਂ ਨੂੰ ਸਰਕਾਰੀ ਹਸਪਤਾਲ ’ਚੋਂ ਗੋਲੀਆਂ ਨਾ ਮਿਲਣ ਕਾਰਨ ਉਨ੍ਹਾਂ ਨੇ ਚੱਕਾ ਜਾਮ ਕਰ ਦਿੱਤਾ। ਥਾਣਾ ਕੋਟ ਈਸੇ ਖਾਂ ਮੁਖੀ ਅਮਰਜੀਤ ਸਿੰਘ ਵੱਲੋਂ ਭਰੋਸਾ ਦੇਣ ਮਗਰੋਂ ਧਰਨਾ ਖ਼ਤਮ ਕਰ ਦਿੱਤਾ ਪਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਹੋ ਸਕਿਆ।
ਡਿਪਟੀ ਮੈਡੀਕਲ ਕਮਿਸ਼ਨਰ ਡਾ. ਸੁਖਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਕੋਵਿਡ-19 ਕਾਰਨ ਗੋਲੀਆਂ ਦੀ ਸਪਲਾਈ ਨਾ ਹੋਣ ਕਾਰਨ ਸਟਾਕ ਖ਼ਤਮ ਹਨ। ਇਹ ਗੋਲੀ ਲੈਣ ਵਾਲੇ ਸੂਬੇ ’ਚ 5 ਲੱਖ ਤੋਂ ਵੱਧ ਨੌਜਵਾਨ ਰਜਿਸਟਰਡ ਹਨ। ਸਰਕਾਰ ਨੇ ਲੌਕਡਾਊਨ ਦੌਰਾਨ ਪਹਿਲਾਂ 15 ਦਿਨ ਦੀਆਂ ਇਕੱਠੀਆਂ ਗੋਲੀਆਂ ਦੇਣੀਆਂ ਸ਼ੁਰੂ ਕੀਤੀਆਂ ਸਨ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਉਹ ਆਪਣੀ ਗੋਲੀ ਲੈਣ ਲਈ ਸਵੇਰ ਤੋਂ ਲਾਈਨਾਂ ’ਚ ਲੱਗ ਜਾਂਦੇ ਹਨ ਪਰ ਨਿਰਾਸ਼ ਘਰਾਂ ਨੂੰ ਮੁੜਨਾ ਪੈਂਦਾ ਹੈ। ਉਨ੍ਹਾਂ ਦਾ ਹਾਲ ਕਥਿਤ ਨਸ਼ੇ ਦੀ ਪੂਰਤੀ ਕਰਨ ਵਾਲੀ ਗੋਲੀ ਹਾਸਲ ਕਰਨਾ ਜੰਗ ਜਿੱਤਣ ਦੇ ਬਰਾਬਰ ਹੈ। ਇਸ ਮੌਕੇ ਨੌਜਵਾਨਾਂ ਨੇ ਦੱਸਿਆ ਕੇ ਚਿੱਟੇ ਦੀ ਅਮੀਰ ਘਰਾਂ ਦੇ ਮੁੰਡਿਆਂ ਨੂੰ ਤਾਂ ਹੋਮਡਿਲਵਰੀ ਹੋ ਜਾਂਦੀ ਹੈ ਪਰ ਗੋਲੀਆਂ ਨਾ ਮਿਲਣ ਕਾਰਨ ਨਸ਼ੇ ਦੀ ਗ੍ਰਿਫ਼ਤ ’ਚ ਆਏ ਗਰੀਬ ਨੌਜਵਾਨਾਂ ਦਾ ਬਹੁਤ ਬੁਰਾ ਹਾਲ ਹੈ।