ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਅਕਤੂਬਰ
ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਉਚੇਰੀ ਸਿੱਖਿਆ ਵਿਭਾਗ ਵੱਲੋਂ 1158 ਅਸਾਮੀਆਂ ਦੀ ਭਰਤੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਭਰਤੀ ਪੰਜਾਬੀ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਚੋਣ ਕਮੇਟੀਆਂ ਬਣਾ ਕੇ ਕੀਤੀ ਜਾਵੇਗੀ। ਇਸ ਨੂੰ 45 ਦਿਨਾਂ ਅੰਦਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਪ੍ਰਗਟਾਵਾ ਉਨ੍ਹਾਂ ਅੱਜ ਪੰਜਾਬ ਯੂਨੀਵਰਸਿਟੀ (ਪੀਯੂ) ਵਿਚ ਕਾਲਜ-ਯੂਨੀਵਰਸਿਟੀ ਕਾਡਰ ਦੀਆਂ ਮੰਗਾਂ ਨੂੰ ਲੈ ਕੇ ’ਵਰਸਿਟੀ ਤੇ ਕਾਲਜਾਂ ਦੀ ਐਸੋਸੀਏਸ਼ਨ ਦੀ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਨੂੰ ਖ਼ਤਮ ਕਰਵਾਉਣ ਮੌਕੇ ਕੀਤਾ।
ਪਰਗਟ ਸਿੰਘ ਨੇ ਕਿਹਾ ਕਿ ਸਰਕਾਰੀ ਕਾਲਜਾਂ ਵਿੱਚ ਟੀਚਿੰਗ ਕਾਡਰ ਦੀਆਂ 1091 ਅਤੇ ਲਾਇਬ੍ਰੇਰੀਅਨਾਂ ਦੀਆਂ 67 ਅਸਾਮੀਆਂ ਦੀ ਭਰਤੀ 45 ਦਿਨਾਂ ਅੰਦਰ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਭਰਤੀ ਯੂਜੀਸੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹੋਵੇਗੀ। ਇਹ ਭਰਤੀ ਸਿਰਫ਼ ਲਿਖਤੀ ਟੈਸਟ ਦੇ ਆਧਾਰ ’ਤੇ ਨਿਰੋਲ ਮੈਰਿਟ ਅਨੁਸਾਰ ਕੀਤੀ ਜਾਵੇਗੀ ਜਿਸ ਵਿੱਚ ਕੋਈ ਇੰਟਰਵਿਊ ਦੇ ਨੰਬਰ ਨਹੀਂ ਰੱਖੇ ਜਾਣਗੇ। ਦੋਵੇਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਦੀ ਅਗਵਾਈ ਵਿੱਚ ਚੋਣ ਕਮੇਟੀ ਬਣੇਗੀ। ਇਸੇ ਤਰ੍ਹਾਂ ਸਰਕਾਰ ਵੱਲੋਂ ਚਲਾਏ ਜਾ ਰਹੇ ਕਾਲਜਾਂ ਵਿੱਚ ਗੈਸਟ ਫੈਕਲਟੀ, ਪਾਰਟ ਟਾਈਮ ਅਤੇ ਠੇਕੇ ਉਤੇ ਕੰਮ ਕਰੇ ਲੈਕਚਰਾਰਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਅਪਲਾਈ ਕਰਨ ਲਈ ਉੱਪਰਲੀ ਉਮਰ ਹੱਦ ਵਿੱਚ ਛੋਟ ਅਤੇ ਤਜਰਬੇ ਦੇ ਨੰਬਰ ਦਿੱਤੇ ਜਾਣਗੇ।
ਪੀਯੂ ਵਿਚ ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜ਼ੇਸ਼ਨ ਅਤੇ ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਐਸੋਸੀਏਸ਼ਨ ਦੇ ਬੈਨਰ ਹੇਠ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਦੇ 45ਵੇਂ ਦਿਨ ਅੱਜ ਡਾ. ਸੁਰਿੰਦਰ ਸਿੰਘ, ਡਾ. ਅਨੀਸ਼ ਸੋਨੀ, ਪ੍ਰੋ. ਰਮਨ ਕੁਮਾਰ, ਡਾ. ਹਰਜਿੰਦਰ ਕੌਰ ਤੇ ਡਾ. ਮਨਪ੍ਰੀਤ ਸਿੰਘ ਭੁੱਖ ਹੜਤਾਲ ’ਤੇ ਬੈਠੇ ਸਨ। ਮੰਤਰੀ ਨੇ ਇਨ੍ਹਾਂ ਨੂੰ ਲੱਸੀ ਪਿਆ ਕੇ ਭੁੱਖ ਹੜਤਾਲ ਖ਼ਤਮ ਕਰਵਾਈ।
ਅਧਿਆਪਕਾਂ ਦੇ ਵਫ਼ਦ ਵੱਲੋਂ ਮੰਤਰੀ ਨਾਲ ਮੀਟਿੰਗ
ਚੰਡੀਗੜ੍ਹ (ਕੁਲਦੀਪ ਸਿੰਘ): ਹੜਤਾਲ ਸਬੰਧੀ ਆਰਗੇਨਾਈਜ਼ੇਸ਼ਨ ਅਤੇ ਐਸੋਸੀਏਸ਼ਨ ਦੇ ਨੁਮਾਇੰਦਿਆਂ ਡਾ. ਜਗਵੰਤ ਸਿੰਘ, ਡਾ. ਐੱਚਐੱਸ ਕਿੰਗਰਾ, ਡਾ. ਬੀਐੱਸ ਟੌਹੜਾ, ਡਾ. ਮ੍ਰਿਤੰਜੈ ਕੁਮਾਰ ਤੇ ਡਾ. ਮਧੂ ਸ਼ਰਮਾ ਵੱਲੋਂ ਉਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਨਾਲ ਪੰਜਾਬ ਭਵਨ ਵਿਚ ਮੀਟਿੰਗ ਕੀਤੀ ਗਈ। ‘ਪੰਜਾਬ ਫੈੱਡਰੇਸ਼ਨ ਆਫ਼ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜੇਸ਼ਨ’ (ਪਫੁਕਟੋ) ਨੇ ਮੀਟਿੰਗ ਵਿੱਚ ਸਿੱਖਿਆ ਮੰਤਰੀ ਨੂੰ ਦੱਸਿਆ ਕਿ ਅਧਿਆਪਕਾਂ ਦੀਆਂ ਦੋ ਮੰਗਾਂ ਵਿੱਚ ਸੱਤਵਾਂ ਤਨਖ਼ਾਹ ਕਮਿਸ਼ਨ ਲਾਗੂ ਕਰਵਾਉਣਾ ਅਤੇ ਨਵੇਂ ਅਧਿਆਪਕਾਂ ਦੀ ਭਰਤੀ ਲਈ ਤਨਖ਼ਾਹ ਸਕੇਲਾਂ ਨੂੰ ਯੂਜੀਸੀ ਨਾਲੋਂ ਵੱਖ ਕੀਤੇ ਜਾਣ ਦਾ ਫ਼ੈਸਲਾ ਵਾਪਸ ਕਰਵਾਉਣਾ ਸ਼ਾਮਲ ਹਨ। ਦੋਵੇਂ ਮੰਗਾਂ ਪੂਰੀਆਂ ਹੋਣ ਨਾਲ ਸਿੱਖਿਆ ਖੇਤਰ ਵਿੱਚ ਕਾਫ਼ੀ ਜ਼ਿਆਦਾ ਸੁਧਾਰ ਆਵੇਗਾ। ਵਫ਼ਦ ਵਿੱਚ ਸ਼ਾਮਲ ਅਹੁਦੇਦਾਰਾਂ ਨੇ ਦੱਸਿਆ ਕਿ ਮੰਤਰੀ ਨੇ ਮੁਲਾਕਾਤ ਉਪਰੰਤ ਭਰੋਸਾ ਦਿਵਾਇਆ ਕਿ ਅਧਿਆਪਕਾਂ ਦੀਆਂ ਦੋਵੇਂ ਮੰਗਾਂ ਨੂੰ ਮੁੱਖ ਮੰਤਰੀ ਨਾਲ ਵਿਚਾਰਿਆ ਜਾਵੇਗਾ। ਇਸ ਦੇ ਨਾਲ ਹੀ ਵਫ਼ਦ ਨੂੰ ਅਧਿਆਪਕਾਂ ਦੀਆਂ 1925 ਏਡਿਡ ਅਸਾਮੀਆਂ ਨੂੰ ਵੀ ਰੈਗੂਲਰ ਕਰਨ ਦੀ ਪ੍ਰਕਿਰਿਆ ਵੀ ਜਲਦੀ ਹੀ ਸਰਲ ਬਣਾਇਆ ਜਾਵੇਗਾ।