ਜੋਗਿੰਦਰ ਸਿੰਘ ਮਾਨ/ਐੱਨਪੀ ਸਿੰਘ
ਮਾਨਸਾ/ਬੁਢਲਾਡਾ, 17 ਜਨਵਰੀ
ਹਲਕਾ ਮਾਨਸਾ ਤੋਂ ਕਾਂਗਰਸ ਦੇ ਉਮੀਦਵਾਰ ਸਿੱਧੂ ਮੂਸੇਵਾਲਾ ਦਾ ਵਿਰੋਧ ਹੋਣ ਤੋਂ ਬਾਅਦ ਹੁਣ ਕਾਂਗਰਸ ਵੱਲੋਂ ਬੁਢਲਾਡਾ ਹਲਕੇ ਤੋਂ ਪਹਿਲੀ ਵਾਰ ਮੈਦਾਨ ਵਿੱਚ ਉਤਾਰੀ ਗਈ ਡਾ. ਰਣਬੀਰ ਕੌਰ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਹੈ। ਬੁਢਲਾਡਾ ਤੋਂ ਉਨ੍ਹਾਂ ਦਾ ਵਿਰੋਧ ਪਾਰਟੀ ਦੀ ਹਲਕਾ ਇੰਚਾਰਜ ਅਤੇ ਦੋ ਵਾਰ ਚੋਣ ਲੜ ਚੁੱਕੇ ਰਣਜੀਤ ਕੌਰ ਭੱਟੀ ਵੱਲੋਂ ਕੀਤਾ ਜਾ ਰਿਹਾ ਹੈ। ਸ੍ਰੀਮਤੀ ਭੱਟੀ ਨੇ ਕਿਹਾ ਕਿ ਉਨ੍ਹਾਂ ਦੀ ਟਿਕਟ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਸਮਰਥਕ ਹੋਣ ਕਾਰਨ ਕੱਟੀ ਗਈ ਹੈ ਤੇ ਪਹਿਲਾਂ ਉਨ੍ਹਾਂ ਨੂੰ ਮਾਨਸਾ ਜ਼ਿਲ੍ਹੇ ਦੇ ਇੰਚਾਰਜ ਇੱਕ ਮੰਤਰੀ ਵੱਲੋਂ ਹਰ ਵਿਧਾਨ ਸਭਾ ਹਲਕੇ ਨੂੰ ਦਿੱਤੇ ਗਏ 15-15 ਕਰੋੜ ਰੁਪਏ ਨਾ ਦੇ ਕੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੀ ਟਿਕਟ ਕੱਟਣ ਪਿੱਛੇ ਇੱਕ ਮੰਤਰੀ ਦਾ ਡੂੰਘਾ ਹੱਥ ਹੈ ਅਤੇ ਹਲਕੇ ਤੋਂ ਬਾਹਰਲੇ ਵਿਅਕਤੀ ਨੂੰ ਟਿਕਟ ਦੇ ਕੇ ਪਾਰਟੀ ਦਾ ਨੁਕਸਾਨ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਜ਼ਿਆਦਤੀ ਖਿਲਾਫ਼ ਉਹਨਾਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੀਨੀਅਰ ਆਗੂਆਂ ਸ੍ਰੀਮਤੀ ਸੋਨੀਆ ਗਾਂਧੀ ਸਮੇਤ ਰਾਹੁਲ ਗਾਂਧੀ ਨੂੰ ਇੱਕ ਪੱਤਰ ਲਿਖਿਆ ਹੈ। ਬੁਢਲਾਡਾ ਤੋਂ ਕਾਂਗਰਸੀ ਟਿਕਟ ਦੇ ਦਾਅਵੇਦਾਰਾਂ ਸਾਬਕਾ ਹਲਕਾ ਇੰਚਾਰਜ ਸੱਤਪਾਲ ਸਿੰਘ ਮੂਲੇਵਾਲ, ਸੂਬੇਦਾਰ ਭੋਲਾ ਸਿੰਘ ਹਸਨਪੁਰ ਅਤੇ ਸਰਪੰਚ ਦਰਸ਼ਨ ਸਿੰਘ ਧਰਮਪੁਰਾ ਨੇ ਵੀ ਬਾਗ਼ੀ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ ਜਦਕਿ ਇੱਥੋਂ ਬਲਵੰਤ ਸਿੰਘ ਭੀਖੀ ਵੱਲੋਂ ਫਿਲਹਾਲ ਪਾਰਟੀ ਦੇ ਫ਼ੈਸਲੇ ਨੂੰ ਸਵੀਕਾਰਿਆ ਜਾ ਰਿਹਾ ਹੈ। ਉੱਧਰ, ਕਾਂਗਰਸ ਦੇ ਚਾਰੇ ਦਾਅਵੇਦਾਰਾਂ ਨੇ ਪਾਰਟੀ ਹਾਈ ਕਮਾਂਡ ਨੂੰ ਟਿਕਟ ਦੇਣ ਦੇ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਮੰਗ ਕਰਦਿਆਂ ਡਾ. ਰਣਵੀਰ ਕੌਰ ਮੀਆਂ ਨੂੰ ਬਾਹਰੀ ਉਮੀਦਵਾਰ ਦੱਸਿਆ। ਆਗੂਆਂ ਨੇ ਕਿਹਾ ਕਿ ਜੇਕਰ ਪਾਰਟੀ ਵੱਲੋਂ ਉਨ੍ਹਾਂ ’ਚੋਂ ਕਿਸੇ ਵੀ ਇੱਕ ਆਗੂ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਉਹ ਇਹ ਸੀਟ ਜਿੱਤਕੇ ਪਾਰਟੀ ਦੀ ਝੋਲੀ ਪਾਉਂਦੇ।