ਖੇਤਰੀ ਪ੍ਰਤੀਨਿਧ
ਪਟਿਆਲਾ, 3 ਜੂਨ
ਸਮਾਜ ਸੇਵੀ, ਵਕੀਲ ਅਤੇ ਕਿਸਾਨ ਆਗੂ ਪ੍ਰਭਜੀਤਪਾਲ ਸਿੰਘ ਨੇ ਅੱਜ ਇੱਥੇ ਐੱਸਐੱਸਪੀ ਦਫ਼ਤਰ ਪਹੁੰਚ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਅਰਜ਼ੀ ਦਿੱਤੀ ਹੈ। ਇਹ ਅਰਜ਼ੀ ਕਾਂਗਰਸ ਸਰਕਾਰ ਦੌਰਾਨ ਹੋਈਆਂ ਧਾਂਦਲੀਆਂ ਕਰਨ ਵਾਲ਼ੇ ਮੰਤਰੀਆਂ ਅਤੇ ਵਿਧਾਇਕਾਂ ਆਦਿ ਦੇ ਨਾਲ਼ ਸਬੰਧਤ ਹੈ।
ਐਡਵੋਕੇਟ ਪ੍ਰਭਜੀਤਪਾਲ ਨੇ ਤਰਕ ਦਿੱਤਾ ਹੈ ਕਿ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਹੁੰਦਿਆਂ ਹੀ ਅਜਿਹੇ ਮੰਤਰੀਆਂ ਅਤੇ ਵਿਧਾਇਕਾਂ ਖਿਲਾਫ਼ ਕਾਰਵਾਈ ਕਰਨੀ ਬਣਦੀ ਸੀ। ਸਭ ਕੁਝ ਜਾਣਦਿਆਂ ਅਜਿਹਾ ਨਾ ਕਰਨਾ ਗ਼ੈਰ-ਸੰਵਿਧਾਨਕ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਈ ਵਾਰ ਅਜਿਹੇ ਬਿਆਨ ਦੇ ਚੁੱਕੇ ਹਨ ਕਿ ਉਨ੍ਹਾਂ ਦੇ ਮੁੱਖ ਮੰਤਰੀ ਹੁੰਦਿਆਂ ਕਈ ਮੰਤਰੀਆਂ ਤੇ ਵਿਧਾਇਕਾਂ ਨੇ ਧਾਂਦਲੀਆਂ ਅਤੇ ਘਪਲੇ ਕੀਤੇ ਹਨ। ਉਹ ਇਨ੍ਹਾਂ ਦੀ ਸੂਚੀ ਮੌਜੂਦਾ ਸਰਕਾਰ ਨੂੰ ਸੌਂਪਣ ਦੀ ਗੱਲ ਵੀ ਆਖ ਚੁੱਕੇ ਹਨ ਪਰ ਇਸ ਨੂੰ ਅਮਲ ਵਿੱਚ ਨਹੀਂ ਲਿਆ ਰਹੇ। ਉਨ੍ਹਾਂ ਕਿਹਾ ਕਿ ਜੇ ਸਾਬਕਾ ਮੁੱਖ ਮੰਤਰੀ ਕੋਲ ਸੂਚੀ ਸੌਂਪਣ ਦਾ ਸਮਾਂ ਨਹੀਂ ਹੈ ਤਾਂ ਪੁਲੀਸ ਖ਼ੁਦ ਉਨ੍ਹਾਂ ਤੱਕ ਪਹੁੰਚ ਕਰਕੇ ਸੂਚੀ ਹਾਸਲ ਕਰ ਸਕਦੀ ਹੈ। ‘ਆਪ’ ਸਰਕਾਰ ਨੂੰ ਵੀ ਪਹਿਲਕਦਮੀ ਕਰਨੀ ਚਾਹੀਦੀ ਹੈ।
ਪ੍ਰਭਜੀਤਪਾਲ ਸਿੰਘ ਨੇ ਕਿਹਾ ਕਿ ਕੈਪਟਨ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮੌਕੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਲਿਖਿਆ ਸੀ ਕਿ ‘ਬਦਕਿਸਮਤੀ ਨਾਲ ਵੱਡੀ ਗਿਣਤੀ ਵਿੱਚ ਕਾਂਗਰਸੀ ਵਿਧਾਇਕ ਤੇ ਮੰਤਰੀ ਗ਼ੈਰਕਨੂੰਨੀ ਖਣਨ ਵਿੱਚ ਸ਼ਾਮਲ ਹਨ। ਉਨ੍ਹਾਂ ਆਖਿਆ ਸੀ ਕਿ ਉਹ ਵਿਧਾਇਕ ਅਤੇ ਮੰਤਰੀਆਂ ਦੀ ਸੂਚੀ ਜਨਤਕ ਕਰਨ ਦਾ ਇਰਾਦਾ ਰੱਖਦਾ ਹਾਂ ਕਿਉਂਕਿ ਇਹ ਸੂਚੀ ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਖ਼ੁਫ਼ੀਆ ਵਿੰਗ ਨੇ ਦਿੱਤੀ ਸੀ।’