ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਸਤੰਬਰ
ਭਾਰਤੀ ਰਿਜ਼ਰਵ ਬੈਂਕ ਨੇ ਅੱਜ ਝੋਨੇ ਦੇ ਅਗਾਮੀ ਖਰੀਦ ਸੀਜ਼ਨ ਲਈ ਨਕਦ ਕਰਜ਼ਾ ਹੱਦ (ਸੀਸੀਐੱਲ) 36,999 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ। ਇਹ ਰਾਸ਼ੀ ਵਰਤਣ ਤੋਂ ਬਾਅਦ ਨਵੰਬਰ 2022 ਮਹੀਨੇ ਲਈ 7,500 ਕਰੋੜ ਰੁਪਏ ਜਾਰੀ ਕੀਤੇ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨਕਦ ਕਰਜ਼ਾ ਹੱਦ ਦੀ ਜਲਦੀ ਪ੍ਰਵਾਨਗੀ ਝੋਨੇ ਦੇ ਅਗਾਮੀ ਖਰੀਦ ਸੀਜ਼ਨ ਲਈ ਸਮੇਂ ਸਿਰ ਤਿਆਰੀਆਂ ਨੂੰ ਯਕੀਨੀ ਬਣਾਏਗੀ ਅਤੇ ਪਹਿਲੀ ਅਕਤੂਬਰ ਤੋਂ ਹੀ ਕਿਸਾਨਾਂ ਦੇ ਖਾਤਿਆਂ ’ਚ ਸਿੱਧੇ ਤੌਰ ’ਤੇ ਭੁਗਤਾਨ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਾਉਣੀ ਸੀਜ਼ਨ ‘ਆਪ’ ਸਰਕਾਰ ਦਾ ਪਹਿਲਾ ਝੋਨੇ ਦਾ ਖਰੀਦ ਸੀਜ਼ਨ ਹੈ। ਉਨ੍ਹਾਂ ਨੇ ਮਈ ਵਿੱਚ ਹੀ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੂੰ ਇਸ ਸਬੰਧੀ ਅਗਾਊਂ ਯੋਜਨਾਬੰਦੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ। ਇਸ ਦੇ ਨਤੀਜੇ ਵਜੋਂ ਸਰਕਾਰ ਨੇ ਨਵੀਨਤਮ ਆਈਟੀ ਤਕਨੀਕਾਂ ਦੀ ਵਰਤੋਂ ਕਰਕੇ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਕੁਸ਼ਲ ਬਣਾਉਣ ਲਈ ਮਿਲਿੰਗ, ਟਰਾਂਸਪੋਰਟ, ਲੇਬਰ ਅਤੇ ਸਟਾਕ ਵਸਤਾਂ ਦੀ ਖਰੀਦ ਨਾਲ ਸਬੰਧਤ ਸਰਕਾਰੀ ਨੀਤੀਆਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।