ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 13 ਅਗਸਤ
ਤਾਲਮੇਲ ਕਮੇਟੀ ਪੰਜਾਬ ਦੇ ਬੈਨਰ ਹੇਠ ਸਰਕਾਰੀ ਸਕੂਲਾਂ ’ਚ 18 ਸਾਲਾਂ ਤੋਂ ਪੜ੍ਹਾ ਰਹੇ ਕੱਚੇ ਅਧਿਆਪਕ ਅੱਜ ਇੱਥੋਂ ਦੇ ਸੈਕਟਰ-68 (ਪਿੰਡ ਕੁੰਭੜਾ) ਸਥਿਤ ਪਾਣੀ ਦੀ ਟੈਂਕੀ ’ਤੇ ਚੜ੍ਹ ਗਏ, ਜਿਸ ਕਾਰਨ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸੂਬਾਈ ਆਗੂ ਗੁਰਪ੍ਰੀਤ ਸਿੰਘ ਪਟਿਆਲਾ ਸਮੇਤ ਪਵਨਦੀਪ ਸਿੰਘ ਫਰੀਦਕੋਟ, ਦਲਜੀਤ ਕੌਰ ਬਟਾਲਾ ਅਤੇ ਕਰਮਜੀਤ ਕੌਰ ਪਾਤੜਾਂ ਅੱਜ ਸਵੇਰੇ ਹੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ ਜਦਕਿ ਬਾਕੀ ਸਾਥੀ ਟੈਂਕੀ ਹੇਠਾਂ ਧਰਨੇ ’ਤੇ ਬੈਠ ਗਏ ਅਤੇ ਨਾਅਰੇਬਾਜ਼ੀ ਕੀਤੀ।
ਤਾਲਮੇਲ ਕਮੇਟੀ ਦੇ ਸੂਬਾ ਕਨਵੀਨਰ ਜਗਸੀਰ ਸਿੰਘ ਘਾਰੂ, ਸੁਖਚੈਨ ਸਿੰਘ ਮਾਨਸਾ, ਮਨਪ੍ਰੀਤ ਸਿੰਘ ਅਤੇ ਤੇਜਿੰਦਰ ਕੌਰ ਨੇ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਵੇਰਕਾ ਚੌਕ ’ਤੇ ਸੜਕ ਜਾਮ ਕਰਕੇ ਧਰਨਾ ਲਾਇਆ ਸੀ। ਉਨ੍ਹਾਂ ਦੱਸਿਆ ਕਿ ਸਿੱਖਿਆ ਮੰਤਰੀ ਨੇ ਦੋਵਾਂ ਅਧਿਆਪਕ ਧੜਿਆਂ ਨਾਲ ਸਾਂਝੀ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਸੀ, ਪਰ ਹੁਣ ਮੰਤਰੀ ਪੈਨਲ ਮੀਟਿੰਗ ਤੋਂ ਪੱਲਾ ਝਾੜਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਸਿੱਖਿਆ ਵਿਭਾਗ ਵਿੱਚ ਸਿੱਖਿਆ ਪ੍ਰੋਵਾਈਡਰ, ਈਜੀਐੱਸ, ਏਆਈਈ, ਐੱਸਟੀਆਰ, ਆਈਈਵੀ ਵਜੋਂ ਡੇਢ ਦਹਾਕੇ ਤੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਂਦੇ ਆ ਰਹੇ ਹਨ। ਇਨ੍ਹਾਂ ’ਚੋਂ 7500 ਅਧਿਆਪਕਾਂ ਨੇ 8393 ਅਸਾਮੀਆਂ ਲਈ ਅਪਲਾਈ ਕੀਤਾ ਸੀ, ਪਰ ਸਰਕਾਰ ਨੇ ਤਿੰਨ ਸਾਲ ਦੇ ਪਰਖ ਕਾਲ ਦੀ ਸ਼ਰਤ ਰੱਖ ਦਿੱਤੀ, ਜੋ ਸਰਾਸਰ ਗ਼ਲਤ ਹੈ। ਉਨ੍ਹਾਂ ਕਿਹਾ ਕਿ ਉਕਤ ਅਸਾਮੀਆਂ ਭਰਨ ਲਈ ਸਿੱਖਿਆ ਵਿਭਾਗ ਨੇ ਬੀਤੀ 27 ਜੂਨ ਨੂੰ ਪ੍ਰੀ-ਪ੍ਰਾਇਮਰੀ ਯੋਗਤਾ ਟੈਸਟ ਲੈਣਾ ਸੀ, ਪਰ ਇਕ ਦਿਨ ਪਹਿਲਾਂ ਇਹ ਪੇਪਰ ਮੁਲਤਵੀ ਕਰ ਦਿੱਤਾ ਗਿਆ। ਉਨ੍ਹਾਂ ਪੇਪਰ ਦਾ ਨਵੇਂ ਸਿਰਿਓਂ ਸ਼ਡਿਊਲ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਸਮੂਹ ਅਧਿਆਪਕਾਂ ਨੂੰ ਇੱਕ ਝੰਡੇ ਹੇਠ ਸੰਘਰਸ਼ ਵਿੱਢਣ ਦੀ ਅਪੀਲ ਕੀਤੀ। ਖ਼ਬਰ ਲਿਖੇ ਜਾਣ ਤੱਕ ਚਾਰ ਅਧਿਆਪਕ ਟੈਂਕੀ ’ਤੇ ਚੜ੍ਹੇ ਹੋਏ ਸਨ। ਅਧਿਆਪਕ 15 ਅਗਸਤ ਨੂੰ ਸੰਘਰਸ਼ ਦੇ ਅਗਲੇ ਪੜਾਅ ਦੀ ਰੂਪ-ਰੇਖਾ ਉਲੀਕਣਗੇ। ਜ਼ਿਕਰਯੋਗ ਹੈ ਕਿ ਕੱਚੇ ਅਧਿਆਪਕ (ਵੱਖਰੀ ਯੂਨੀਅਨ) ਸਿੱਖਿਆ ਭਵਨ ਦੇ ਬਾਹਰ ਲੜੀਵਾਰ ਧਰਨੇ ’ਤੇ ਬੈਠੇ ਹਨ। ਇੰਜ ਹੀ ਸਿੱਖਿਆ ਭਵਨ ਦੇ ਮੁੱਖ ਗੇਟ ਦੇ ਬਾਹਰ ਬੀਤੀ 17 ਜੂਨ ਤੋਂ ਲੜੀਵਾਰ ਧਰਨੇ ’ਤੇ ਬੈਠੇ ਰਿਵਾਈਜ਼ ਟੈੱਟ-2011 ਪਾਸ ਬੇਰੁਜ਼ਗਾਰ ਅਧਿਆਪਕਾਂ ਦਾ ਧਰਨਾ ਅੱਜ 53ਵੇਂ ਦਿਨ ਵੀ ਜਾਰੀ ਰਿਹਾ।