ਪੱਤਰ ਪ੍ਰੇਰਕ
ਚੰਡੀਗੜ੍ਹ, 22 ਜਨਵਰੀ
ਪੰਜਾਬ ਦੇ ਮੁਲਾਜ਼ਮਾਂ ਦੀ ਤ੍ਰਾਸਦੀ ਹੈ ਕਿ ਪਹਿਲਾਂ ਦਸ ਸਾਲ ਅਕਾਲੀ-ਭਾਜਪਾ ਸਰਕਾਰ ਨੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਤੇ ਹੁਣ 5 ਸਾਲ ਕਾਂਗਰਸ ਨੇ ਵੀ ਉਨ੍ਹਾਂ ਦੀ ਝੋਲੀ ਸਿਰਫ਼ ਲਾਰੇ ਹੀ ਪਾਏ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਪਾਰਟੀ ਨੇ ਸੂਬੇ ਦੇ ਕੋਨੇ-ਕੋਨੇ ’ਤੇ ਹੋਰਡਿੰਗ ਲਾ ਕੇ ਢਿੰਡੋਰਾ ਪਿੱਟਿਆ ਕਿ ਪੰਜਾਬ ਦੇ 36 ਹਜ਼ਾਰ ਕੱਚੇ ਮੁਲਾਜ਼ਮ ਪੱਕੇ ਕੀਤੇ ਗਏ ਹਨ, ਪਰ ਲੰਮੇ ਸਮੇਂ ਬਾਅਦ ਵੀ ਸੂਬੇ ਦੇ ਰਾਜਪਾਲ ਨੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲੀ ਫਾਈਲ ’ਤੇ ਹਸਤਾਖ਼ਰ ਨਹੀਂ ਕੀਤੇ।
ਉਕਤ ਬਿਆਨ ਕੱਚੇ ਮੁਲਾਜ਼ਮਾਂ ਦੇ ਆਗੂ ਆਸ਼ੀਸ਼ ਜੁਲਾਹਾ, ਪਰਵੀਨ ਸ਼ਰਮਾ ਅਤੇ ਰਾਜਿੰਦਰ ਸਿੰਘ ਨੇ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਹਾਲੇ ਤੱਕ ਕੁਝ ਵੀ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਛੱਤੀ ਹਜ਼ਾਰ ਤਾਂ ਕੀ ਸੂਬਾ ਸਰਕਾਰ ਵੱਲੋਂ ਛੱਤੀ ਮੁਲਾਜ਼ਮ ਵੀ ਪੱਕੇ ਨਹੀਂ ਕੀਤੇ ਗਏ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਇਸ ਫਾਈਲ ਨੂੰ 4 ਸਾਲ 8 ਮਹੀਨੇ ਲਮਕਾਈ ਰੱਖਿਆ ਤੇ ਹੁਣ ਰਾਜਪਾਲ ਵੱਲੋਂ ਪ੍ਰਵਾਨਗੀ ਨਹੀਂ ਦਿੱਤੀ ਗਈ। ਇਸ ਦੇ ਬਾਵਜੂਦ ਸਰਕਾਰ ਨੇ ਥਾਂ ਥਾਂ ’ਤੇ ਲੱਖਾਂ ਰੁਪਏ ਖਰਚ ਕੇ ਇਸ਼ਤਿਹਾਰ ਲਗਾਏ ਹਨ। ਆਗੂਆਂ ਨੇ ਕਿਹਾ ਕਿ ਹੁਣ ਕੱਚੇ ਮੁਲਾਜ਼ਮ ਸਿਰਫ਼ ਉਸ ਪਾਰਟੀ ਦਾ ਹੀ ਸਾਥ ਦੇਣਗੇ, ਜੋ ਉਨ੍ਹਾਂ ਨੂੰ ਰੈਗੂਲਰ ਕਰਨ ਸਬੰਧੀ ਲਿਖਤੀ ਭਰੋਸਾ ਦੇਣਗੇ।